ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਕੇ ਹੋਇਆ 2 ਲੱਖ 44 ਹਜ਼ਾਰ ਕਿਊਸਿਕ

ਹਰੀਕੇ ਪੱਤਣ,ਮੱਖੂ (ਤਰਨਤਾਰਨ/ਫ਼ਿਰੋਜ਼ਪੁਰ), 26 ਅਗਸਤ (ਸੰਜੀਵ ਕੁੰਦਰਾ, ਕੁਲਵਿੰਦਰ ਸਿੰਘ ਸੰਧੂ)- ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਹੋ ਰਹੀ ਜ਼ੋਰਦਾਰ ਬਾਰਸ਼ ਕਾਰਨ ਨਦੀਆਂ ਅਤੇ ਦਰਿਆਵਾਂ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ ਤੇ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਾਣੀ ਖ਼ਤਰਨਾਕ ਪੱਧਰ ’ਤੇ ਪੁੱਜ ਚੁੱਕਾ ਹੈ। ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ 2 ਲੱਖ 44 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਦੀ ਆਮਦ ਹੈ ਤੇ ਜਿਸ ਵਿਚੋਂ ਡਾਊਨ ਸਟਰੀਮ ਨੂੰ 2 ਲੱਖ 30 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰੀਕੇ ਹੈੱਡ ਵਰਕਸ ਦੇ 31 ਦੇ 31 ਗੇਟ ਵਿਭਾਗ ਵਲੋਂ ਖੋਲ੍ਹੇ ਗਏ ਹਨ ਤੇ ਡਾਊਨ ਸਟਰੀਮ ਨੂੰ ਛੱਡੇ ਪਾਣੀ ਨੇ ਹਰੀਕੇ ਹਥਾੜ ਖੇਤਰ ਨੂੰ ਤਹਿਸ ਨਹਿਸ ਕਰ ਕੇ ਰੱਖ ਦਿੱਤਾ ਹੈ।