JALANDHAR WEATHER

ਕੋਲੰਬੀਆ 'ਚੋਂ ਬੰਦੀ ਬਣਾਏ 5 ਪੰਜਾਬੀਆਂ 'ਚੋਂ ਤਿੰਨ ਮੁੜ ਦੂਤਘਰ ਦੀ ਹਿਫਾਜ਼ਤ ਵਿਚੋਂ ਭੱਜੇ- ਕੁਲਦੀਪ ਸਿੰਘ ਧਾਲੀਵਾਲ

ਅਜਨਾਲਾ, 24 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੋਲੰਬੀਆ ਵਿਚ ਬੰਦੀ ਬਣਾਏ ਪੰਜ ਨੌਜਵਾਨਾਂ, ਜਿਨ੍ਹਾਂ ਨੂੰ ਸਥਾਨਕ ਦੂਤਘਰ ਨੇ ਆਪਣੀ ਹਿਫਾਜ਼ਤ ਵਿਚ ਲੈ ਲਿਆ ਸੀ, ਵਿਚੋਂ ਤਿੰਨ ਮੁੜ ਆਪਣੇ ਏਜੰਟਾਂ ਨਾਲ ਸੰਬੰਧ ਬਣਾ ਕੇ ਭੱਜ ਗਏ ਹਨ। ਅੱਜ ਅਜਨਾਲਾ ਨੇੜਲੇ ਪਿੰਡ ਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਧਾਲੀਵਾਲ ਨੇ ਦੱਸਿਆ ਕਿ ਉਕਤ ਪੰਜਾਬੀਆਂ ਦੀ ਸੂਚਨਾ ਮਿਲਣ ਉਪਰੰਤ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਦੀ ਸਹਾਇਤਾ ਨਾਲ ਕੋਲੰਬੀਆ ਸਥਿਤ ਭਾਰਤੀ ਦੂਤਘਰ ਨਾਲ ਰਾਬਤਾ ਕਰਕੇ ਇਨ੍ਹਾਂ ਨੌਜਵਾਨਾਂ ਦੀ ਮਦਦ ਲਈ ਗੁਹਾਰ ਲਗਾਈ ਸੀ, ਜਿਸ ਉੱਤੇ ਕਾਰਵਾਈ ਕਰਦੇ ਹੋਏ ਸਥਾਨਕ ਦੂਤਘਰ ਨੇ ਕੁਝ ਹੀ ਘੰਟਿਆਂ ਵਿਚ ਪੰਜਾਂ ਨੌਜਵਾਨਾਂ ਨੂੰ ਆਪਣੀ ਹਿਫਾਜ਼ਤ ਵਿਚ ਲੈ ਕੇ ਹੋਸਟਲ ਵਿਚ ਠਹਿਰਾ ਦਿੱਤਾ ਸੀ। ਅਜੇ ਉਨ੍ਹਾਂ ਦੇ ਪੰਜਾਬ ਭੇਜਣ ਦੇ ਪ੍ਰਬੰਧ ਹੋ ਹੀ ਰਹੇ ਸਨ ਕਿ ਇਨ੍ਹਾਂ ਵਿਚੋਂ ਤਿੰਨ ਨੌਜਵਾਨ ਕਰਨਦੀਪ ਸਿੰਘ, ਗੁਰਨਾਮ ਸਿੰਘ ਅਤੇ ਰਮਨਦੀਪ ਸਿੰਘ ਨੇ ਆਪਣੇ ਭਾਰਤ ਸਥਿਤ ਏਜੰਟ ਨਾਲ ਫੋਨ ਉੱਤੇ ਰਾਬਤਾ ਕਰ ਲਿਆ ਅਤੇ ਫਿਰ ਬਿਨਾਂ ਕਿਸੇ ਨੂੰ ਦੱਸੇ ਉਥੋਂ ਰਵਾਨਾ ਹੋ ਗਏ। ਜਦਕਿ ਦੂਸਰੇ ਦੋਵੇਂ ਨੌਜਵਾਨ ਵਾਪਸੀ ਲਈ ਤਿਆਰ ਹਨ। ਉਨ੍ਹਾਂ ਨੌਜਵਾਨਾਂ ਅਤੇ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਡੌਂਕੀ ਰਸਤੇ ਜੋ ਕਿ ਬਹੁਤ ਖਤਰਨਾਕ ਹਨ, ਰਾਹੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਨਾ ਭੇਜਣ। ਉਨ੍ਹਾਂ ਕਿਹਾ ਕਿ ਜਿੰਨੇ ਪੈਸੇ ਲਗਾ ਕੇ ਇਹ ਲੋਕ ਵਿਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕਰਦੇ ਹਨ, ਓਨੇ ਪੈਸੇ ਨਾਲ ਇਥੇ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ