ਆਨਲਾਈਨ ਠੱਗੀ ਮਾਰਨ ਵਾਲੇ 7 ਨਾਈਜੀਰੀਅਨ ਨਾਗਰਿਕ ਕਾਬੂ

ਮੁਹਾਲੀ, 24 ਮਈ (ਕਪਿਲ ਵਧਵਾ)- ਮੁਹਾਲੀ ਪੁਲਿਸ ਨੇ ਭੋਲੇ ਭਾਲੇ ਲੋਕਾਂ ਨਾਲ ਆਨਲਾਈਨ ਦੋਸਤੀ ਕਰ ਬਾਹਰਲੇ ਮੁਲਕਾਂ ਤੋਂ ਤੋਹਫ਼ਾ ਭੇਜਣ ਦੇ ਬਹਾਨੇ ਠੱਗੀ ਮਾਰਨ ਵਾਲੇ 7 ਨਾਈਜੀਰੀਅਨ ਨਾਗਰਿਕਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਐਸ. ਐਸ. ਪੀ. ਮੁਹਾਲੀ ਹਰਮਨਦੀਪ ਸਿੰਘ ਨੇ ਦੱਸਿਆ ਕਿ ਸਾਈਬਰ ਧੋਖਾਧੜੀ ਕਰਨ ਵਾਲੇ ਗਰੋਹ ਨੇ ਆਪਣੇ ਵੱਖ ਵੱਖ ਬੈਂਕ ਖਾਤਿਆਂ ਵਿਚ 15 ਕਰੋੜ ਦੀ ਰਕਮ ਲੋਕਾਂ ਤੋਂ ਠੱਗੀ ਰਾਹੀਂ ਹਾਸਲ ਕੀਤੀ ਹੈ। ਪ੍ਰੈਸ ਕਾਨਫ਼ਰੰਸ ਕਰਦਿਆਂ ਸਾਈਬਰ ਕ੍ਰਾਈਮ ਦੇ ਡੀ. ਐਸ. ਪੀ. ਰੁਪਿੰਦਰ ਕੌਰ ਸੋਹੀ ਨੇ ਪੱਤਰਕਾਰਾਂ ਰਾਹੀਂ ਇਸ ਗਰੋਹ ਵਲੋਂ ਠੱਗੀ ਕੀਤੇ ਜਾਣ ਦੇ ਤਰੀਕੇ ਨੂੰ ਉਜਾਗਰ ਕਰਦਿਆਂ ਕਿਹਾ ਕਿ ਮੁਲਜ਼ਮ ਆਨਲਾਈਨ ਲੋਕਾਂ ਨਾਲ ਦੋਸਤੀ ਕਰਦੇ ਸੀ, ਜਿਸ ਉਪਰੰਤ ਉਨ੍ਹਾਂ ਨੂੰ ਆਪਣੇ ਝਾਂਸੇ ਵਿਚ ਲੈ ਬਾਹਰੋਂ ਕੀਮਤੀ ਤੋਹਫ਼ੇ ਭੇਜਣ ਦਾ ਦਾਅਵਾ ਕਰਦੇ ਸੀ ਅਤੇ ਕਸਟਮ ਡਿਊਟੀ ਭਰਵਾਉਣ ਦੇ ਨਾਂਅ ’ਤੇ ਠੱਗੀ ਕਰਦੇ ਸਨ।