ਪਿੰਡ ਧਾਰੜ ’ਚ 2 ਨਸ਼ਾ ਤਸਕਰਾਂ ਦੇ ਘਰਾਂ ’ਤੇ ਚੱਲਿਆ ਪੀਲਾ ਪੰਜਾ

ਜੰਡਿਆਲਾ ਗੁਰੂ, (ਅੰਮ੍ਰਿਤਸਰ), 22 ਮਈ (ਪ੍ਰਮਿੰਦਰ ਸਿੰਘ ਜੋਸਨ)- ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿਚ ਪ੍ਰਸ਼ਾਸਨ ਵਲੋਂ 2 ਨਸ਼ਾ ਤਸਕਰਾਂ ਅਤੇ ਨਜਾਇਜ਼ ਕਬਜ਼ੇ ਵਾਲਿਆਂ ਦੇ ਘਰਾਂ ’ਤੇ ਪੀਲਾ ਪੰਜਾ ਚਲਾਇਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਉਕਤ ਘਰਾਂ ਨੂੰ ਢਾਹ ਦਿੱਤਾ ਗਿਆ। ਮੌਕੇ ’ਤੇ ਪੁੱਜੇ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਦੇ ਐਸ. ਐਸ. ਪੀ. ਮਨਿੰਦਰ ਸਿੰਘ ਨੇ ਕਿਹਾ ਕਿ ਪਿੰਡ ਧਾਰੜ ਦੇ ਨਸ਼ਾ ਤਸਕਰ ਹਰਪ੍ਰੀਤ ਸਿੰਘ ਉਰਫ਼ ਘੁੱਲਾ ਅਤੇ ਸਤਨਾਮ ਸਿੰਘ ਕਾਫ਼ੀ ਦੇਰ ਤੋਂ ਨਸ਼ਾ ਤਸਕਰੀ ਕਰਦੇ ਆ ਰਹੇ ਸਨ ਅਤੇ ਇਨ੍ਹਾਂ ਨੇ ਪਿੰਡ ਦੀ ਜ਼ਮੀਨ ’ਤੇ ਨਾਜਾਇਜ਼ ਘਰ ਵੀ ਉਸਾਰੇ ਹਨ ਅਤੇ ਇਨ੍ਹਾਂ ’ਤੇ ਕਈ ਨਸ਼ਾ ਤਸਕਰੀ ਦੇ ਕੇਸ ਵੀ ਦਰਜ ਹਨ ਅਤੇ ਇਹ ਜੇਲ੍ਹਾਂ ਵਿਚ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਬਖਸ਼ਿਆ ਜਾਵੇਗਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਾਇਆ ਜਾਵੇਗਾ।