ਸ੍ਰੀ ਅਨੰਦਪੁਰ ਸਾਹਿਬ ਵਿਖੇ ਚਰਨ ਗੰਗਾ ਸ਼ਮਸ਼ਾਨ ਘਾਟ ਲੱਗੀ 'ਚ ਅੱਗ ਕਾਰਨ 30 ਝੁੱਗੀਆਂ ਜਲ ਕੇ ਹੋਈਆਂ ਸਵਾਹ

ਸ੍ਰੀ ਆਨੰਦਪੁਰ ਸਾਹਿਬ ,29 ਅਪ੍ਰੈਲ (ਜੇ.ਐਸ. ਨਿੱਕੂਵਾਲ ਤੇ ਕਰਨੈਲ ਸਿੰਘ )- ਦੇਰ ਰਾਤ ਵਾਪਰੇ ਘਟਨਾਕਰਮ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੀ ਚਰਨ ਗੰਗਾ ਸ਼ਮਸ਼ਾਨ ਘਾਟ ਲਾਗੇ ਰੇਲਵੇ ਲਾਈਨ ਦੇ ਬਿਲਕੁਲ ਕੋਲ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਪ੍ਰਵਾਸੀ ਮਜ਼ਦੂਰਾਂ ਦੀਆਂ 30 ਝੁੱਗੀਆਂ ਪੂਰੀ ਤਰ੍ਹਾਂ ਜਲ ਕੇ ਸਵਾਹ ਹੋ ਗਈਆਂ। ਮੌਕੇ 'ਤੇ ਪਹੁੰਚੇ ਠੇਕੇਦਾਰ ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡਾਂ ਨੂੰ ਗਏ ਹੋਏ ਸੀ ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ । ਭਾਵੇਂ ਕਿ ਉਨ੍ਹਾਂ ਦਾ ਸਮਾਨ ਪੂਰੀ ਤਰ੍ਹਾਂ ਜਲ ਕੇ ਸਵਾਹ ਹੋ ਗਿਆ । ਉਨ੍ਹਾਂ ਇਹ ਵੀ ਦੱਸਿਆ ਕਿ ਨਾਲ ਹੋਰ ਸੈਂਕੜੇ ਦੇ ਕਰੀਬ ਝੁੱਗੀਆਂ ਸਨ ਪ੍ਰੰਤੂ ਸਮੇਂ ਸਿਰ ਅੱਗ ਬੁਝਾਊ ਦਸਤੇ ਦੇ ਪਹੁੰਚਣ ਨਾਲ ਅੱਗ 'ਤੇ ਕੁਝ ਹੀ ਸਮੇਂ ਬਾਅਦ ਕਾਬੂ ਪਾ ਲਿਆ ਗਿਆ । ਜੱਗੀ ਨੇ ਕਿਹਾ ਕਿ ਇਹ ਨੁਕਸਾਨ ਦਾ ਬਚਾਓ ਤਾਂ ਹੀ ਹੋ ਸਕਿਆ ਹੈ ਜਦੋਂ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵਲੋਂ ਨਗਰ ਕੌਂਸਲ ਦਫ਼ਤਰ ਵਿਖੇ ਅੱਗ ਬੁਝਾਓ ਦਸਤੇ ਦੀ ਤਾਇਨਾਤੀ ਕੀਤੀ ਗਈ ਹੈ। ਨਹੀਂ ਤਾਂ ਪਹਿਲਾਂ ਇਹ ਦਸਤਾ ਨੰਗਲ ਤੋਂ ਆਉਂਦਾ ਸੀ ਜਿਸ ਨੂੰ ਪਹੁੰਚਣ ਨੂੰ ਕਾਫੀ ਸਮਾਂ ਲੱਗ ਜਾਂਦਾ ਸੀ ਤੇ ਅੱਗ ਵੱਡਾ ਨੁਕਸਾਨ ਕਰ ਜਾਂਦੀ ਸੀ।