ਐਡਵੋਕੇਟ ਧਾਮੀ ਨੇ ਕੈਨੇਡਾ ਚੋਣਾਂ 'ਚ ਵੱਡੀ ਗਿਣਤੀ ਪੰਜਾਬੀਆਂ ਤੇ ਖ਼ਾਸ ਕਰ ਸਿੱਖਾਂ ਦੀ ਜਿੱਤ 'ਤੇ ਦਿੱਤੀ ਵਧਾਈ

ਅੰਮ੍ਰਿਤਸਰ, 29 ਅਪ੍ਰੈਲ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੈਨੇਡਾ ਦੀਆਂ ਸੰਘੀ ਚੋਣਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਖਾਸ ਕਰਕੇ ਸਿੱਖ ਨੁਮਾਇੰਦਿਆਂ ਦੀ ਜਿੱਤ ’ਤੇ ਖੁਸ਼ੀ ਜਤਾਉਂਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਸਿੱਖ ਕੌਮ ਅਤੇ ਸਮੁੱਚੇ ਪੰਜਾਬੀਆਂ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਉਮੀਦਵਾਰਾਂ ਨੇ ਜਿੱਤ ਹਾਸਿਲ ਕਰਕੇ ਕੈਨੇਡਾ ਦੀ ਰਾਜਨੀਤੀ ਵਿਚ ਆਪਣੀ ਲੀਡਰਸ਼ਿਪ ਸਾਬਤ ਕਰਦਿਆਂ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਜਿੱਤ ਪੰਜਾਬੀਆਂ ਦੀ ਸੰਘਰਸ਼ਪੂਰਨ ਮਿਹਨਤ, ਇਮਾਨਦਾਰੀ ਅਤੇ ਮਾਨਵੀ ਸੇਵਾਵਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵਸ ਰਹੇ ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਆਪਣੀ ਵਿਰਾਸਤੀ ਸਿੱਖਿਆ, ਨੈਤਿਕਤਾ ਅਤੇ ਇਤਿਹਾਸ ਦੀ ਸੇਧ ਵਿਚ ਨਾ ਸਿਰਫ਼ ਆਪਣੀ ਭਾਈਚਾਰਕ ਪਛਾਣ ਨੂੰ ਬਰਕਰਾਰ ਰੱਖ ਰਹੇ ਹਨ, ਸਗੋਂ ਆਲਮੀ ਰਾਜਨੀਤਿਕ ਵਿਚ ਵੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਅ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਮੀਦ ਜਤਾਈ ਕਿ ਚੁਣੇ ਗਏ ਇਹ ਸਿੱਖ ਅਤੇ ਪੰਜਾਬੀ ਸੰਸਦ ਮੈਂਬਰ ਆਪਣੀਆਂ ਧਾਰਮਿਕ ਕਦਰਾਂ ਕੀਮਤਾਂ ਉਤੇ ਪਹਿਰਾ ਦਿੰਦਿਆਂ ਕੈਨੇਡਾ ਵਿਚ ਰਾਜਨੀਤਕ ਤੌਰ ‘ਤੇ ਲੋਕਾਂ ਦੇ ਵਿਸ਼ਵਾਸ ਦੀ ਤਰਜਮਾਨੀ ਕਰਨਗੇ। ਐਡਵੋਕੇਟ ਧਾਮੀ ਨੇ ਕੈਨੇਡਾ ਦੀਆਂ ਆਮ ਚੋਣਾਂ ਵਿਚ ਉਭਰਨ ਵਾਲੀ ਲਿਬਰਲ ਪਾਰਟੀ ਅਤੇ ਉਸ ਦੇ ਆਗੂ ਮਾਰਕ ਕਾਰਨੀ ਨੂੰ ਵੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਜੇਤੂ ਉਮੀਦਵਾਰ ਸਮਾਜਿਕ ਨਿਆਂ ਅਤੇ ਹਰ ਵਰਗ ਦੀ ਭਲਾਈ ਲਈ ਕੰਮ ਕਰਨ, ਇਸ ਦੀ ਆਸ ਕਰਦੇ ਹਾਂ।