ਰਜਬਾਹੇ ’ਚ ਪਾੜ ਪੈਣ ਨਾਲ ਬੁੱਢਾ ਦਲ ਦੇ ਬਾਗ਼ਾਂ ’ਚ ਭਰਨ ਲੱਗਾ ਪਾਣੀ

ਤਲਵੰਡੀ ਸਾਬੋ, (ਬਠਿੰਡਾ), 29 ਅਪ੍ਰੈਲ (ਰਣਜੀਤ ਸਿੰਘ ਰਾਜੂ)- ਅੱਜ ਸਵੇਰੇ ਸਾਢੇ ਨੌ ਵਜੇ ਦੇ ਕਰੀਬ ਨਗਰ ਕੋਲ ਦੀ ਲੰਘਦੇ ਤਲਵੰਡੀ ਸਾਬੋ ਰਜਬਾਹੇ ’ਚ ਅਚਾਨਕ ਪਾੜ ਪੈ ਜਾਣ ਨਾਲ ਰਜਬਾਹੇ ਨਾਲ ਲੱਗਦੇ ਬੁੱਢਾ ਦਲ ਦੇ ਆੜੂਆਂ ਅਤੇ ਆਲੂਬੁਖਾਰਿਆਂ ਦੇ ਬਾਗ਼ਾਂ ’ਚ ਤੇਜ਼ੀ ਨਾਲ ਪਾਣੀ ਭਰਨਾ ਸ਼ੁਰੂ ਹੋ ਗਿਆ। ਬੁੱਢਾ ਦਲ ਸੇਵਾਦਾਰ ਦਲੇਰ ਸਿੰਘ ਅਨੁਸਾਰ ਰਜਬਾਹੇ ਦਾ ਪਾਣੀ ਬੰਦ ਕਰਵਾਉਣ ਲਈ ਦੋ ਘੰਟੇ ਬਾਅਦ ਤੱਕ ਵੀ ਕਿਸੇ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਨਾ ਹੀ ਕੋਈ ਨਹਿਰੀ ਮਹਿਕਮੇ ਦਾ ਮੁਲਾਜ਼ਮ ਅਜੇ ਤੱਕ ਘਟਨਾ ਸਥਾਨ ’ਤੇ ਪੁੱਜਾ ਹੈ ਜਦੋਂਕਿ ਪਾੜ ਵਾਲੀ ਥਾਂ ਤੋਂ ਸਿਰਫ 100 ਮੀਟਰ ਦੂਰ ਨਹਿਰੀ ਮਹਿਕਮੇ ਦਾ ਵਿਸ਼ਰਾਮ ਘਰ ਮੌਜੂਦ ਹੈ ਜਿੱਥੇ ਮੁਲਾਜ਼ਮ ਹੁੰਦੇ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਅਗਰ ਪਾਣੀ ਜਲਦ ਬੰਦ ਨਾ ਹੋਇਆ ਤਾਂ ਕਰੀਬ 50 ਏਕੜ ’ਚ ਮੌਜੂਦ ਬਾਗ਼ਾਂ ਦੇ ਫਲ ਖਰਾਬ ਹੋ ਸਕਦੇ ਹਨ। ਰਜਬਾਹੇ ’ਚ ਪਾੜ ਪੈਣ ਦੇ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕੇ।