ਪੰਜਾਬ ’ਚੋਂ ਹਰ ਤਰੀਕੇ ਨਾਲ ਨਸ਼ਾ ਕੀਤਾ ਜਾਵੇਗਾ ਖ਼ਤਮ- ਡੀ.ਜੀ.ਪੀ. ਪੰਜਾਬ

ਚੰਡੀਗੜ੍ਹ, 29 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਅੱਜ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਨਸ਼ੇ ਖਿਲਾਫ ਪੁਲਿਸ ਦਾ ਐਕਸ਼ਨ ਪਲਾਨ ਤਿਆਰ ਹੋ ਚੁੱਕਾ ਹੈ। ਡੀ.ਜੀ.ਪੀ. ਵਲੋਂ ਜ਼ਿਲ੍ਹਿਆਂ ਦੇ ਐਸ.ਐਸ.ਪੀ. ਅਤੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਨਾਲ ਲੈ ਕੇ ਪੰਜਾਬ ਪੁਲਿਸ ਨਸ਼ੇ ਖਿਲਾਫ਼ ਜੰਗ ਲੜੇਗੀ ਤੇ ਸਾਰੇ ਅਦਾਰੇ ਮੁਹਿੰਮ ਤਹਿਤ ਲੋਕਾਂ ਨਾਲ ਜੁੜਨਗੇ। ਉਨ੍ਹਾਂ ਅੱਗੇ ਕਿਹਾ ਕਿ 31 ਮਈ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਸਰਵੇਖਣ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਡਰੋਨ ਰਾਹੀਂ ਨਸ਼ਾ ਆਉਂਦਾ ਹੈ ਪਰ ਪੰਜਾਬ ਪੁਲਿਸ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ਨਸ਼ਿਆਂ ਦੇ ਵਪਾਰ ’ਚ ਸ਼ਾਮਿਲ ਕਿਸੇ ਵੀ ਪੁਲਿਸ ਅਧਿਕਾਰੀ, ਸਰਕਾਰੀ ਕਰਮਚਾਰੀ ਜਾਂ ਕਿਸੇ ਹੋਰ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਬੀ.ਐਸ.ਐਫ਼. ਨਾਲ ਪੰਜਾਬ ਪੁਲਿਸ ਦਾ ਵਧੀਆ ਤਾਲਮੇਲ ਹੈ। ਉਨ੍ਹਾਂ ਕਿਹਾ ਕਿ ਹਰ ਤਰੀਕੇ ਨਾਲ ਪੰਜਾਬ ਵਿਚੋਂ ਨਸ਼ੇ ਖਤਮ ਕੀਤੇ ਜਾਣਗੇ।