ਅਣਪਛਾਤੇ ਨੌਜਵਾਨਾਂ ਹਸਪਤਾਲ 'ਤੇ ਗੋਲੀਆਂ ਚਲਾ ਕੇ ਕੀਤਾ ਜਾਨਲੇਵਾ ਹਮਲਾ

ਚੋਗਾਵਾਂ/ਅੰਮ੍ਰਿਤਸਰ, 29 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਵਿਚ ਆਏ ਦਿਨ ਫਿਰੌਤੀ ਦੀ ਮੰਗ ਕਰਕੇ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਅਜਿਹੀ ਇਕ ਵਾਰਦਾਤ ਸਰਹੱਦੀ ਪਿੰਡ ਭੀਲੋਵਾਲ ਪੱਕਾ ਵਿਖੇ ਡਾਕਟਰ ਦੀ ਦੁਕਾਨ 'ਤੇ ਵਾਪਰੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਯੁਵਰਾਜ ਨੰਦਾ ਨੇ ਦੱਸਿਆ ਕਿ ਬੀਤੇ ਦਿਨੀਂ ਉਸਨੂੰ ਫਿਰੌਤੀ ਲਈ 30 ਲੱਖ ਮੰਗ ਦੀ ਕਾਲ ਆਈ। ਫਿਰੌਤੀ ਨਾ ਦੇਣ ਉਤੇ ਗੋਲੀਆਂ ਮਾਰਨ ਦੀ ਧਮਕੀ ਦਿੱਤੀ। ਬੀਤੀ ਰਾਤ ਮੈਂ ਲੋਪੋਕੇ ਤੋਂ ਭੀਲੋਵਾਲ ਪੱਕਾ ਗਿਆ। ਜਿਥੇ ਸਾਡੀ ਹਸਪਤਾਲ ਉਤੇ ਰਿਹਾਇਸ਼ ਹੈ। ਉਸੇ ਦੌਰਾਨ ਦੋ ਨਕਾਬਪੋਸ਼ ਅਣਪਛਾਤੇ ਨੌਜਵਾਨਾਂ ਨੇ ਪਿਸਟਲ ਨਾਲ ਦੋ ਫਾਇਰ ਕੀਤੇ। ਇਕ ਗੋਲੀ ਹਸਪਤਾਲ ਦੇ ਕੈਬਿਨ ਨੂੰ ਲੱਗ ਕੇ ਕਾਊਂਟਰ ਨੂੰ ਚੀਰਦੀ ਹੋਈ ਕੰਧ ਨੂੰ ਵੱਜੀ। ਉਹ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੀਆਂ ਹੀ ਥਾਣਾ ਲੋਪੋਕੇ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਸੀ.ਸੀ.ਟੀ.ਵੀ. ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।