ਵਿਜੀਲੈਂਸ ਵਲੋਂ ਨਾਇਬ ਤਹਿਸੀਲਦਾਰ ਤੇ ਪਟਵਾਰੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਸੰਗਤ ਮੰਡੀ, 22 ਅਪ੍ਰੈਲ (ਦੀਪਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸੰਗਤ ਮੰਡੀ ਵਿਖੇ ਵਿਜੀਲੈਂਸ ਵਿਭਾਗ ਬਠਿੰਡਾ ਦੀ ਟੀਮ ਨੇ ਸੰਗਤ ਮੰਡੀ ਦੇ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਨੂੰ 5000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ. ਕੁਲਵੰਤ ਸਿੰਘ ਨੇ ਕਿਹਾ ਕਿ ਰਜਿੰਦਰ ਕੁਮਾਰ ਵਾਸੀ ਸੰਗਤ ਮੰਡੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੇਰੇ ਕੋਲੋਂ ਗਿਰਦਾਵਰੀ ਕਰਨ ਲਈ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਸੰਗਤ ਵਲੋਂ 5000 ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਅੱਜ ਸਾਡੇ ਵਲੋਂ ਪਹੁੰਚ ਕੇ ਪਟਵਾਰੀ ਗੁਰਤੇਜ ਸਿੰਘ ਅਤੇ ਤਹਿਸੀਲਦਾਰ ਨਿਰਮਲ ਸਿੰਘ ਨੂੰ ਰਿਸ਼ਵਤ ਦੇ ਪੈਸਿਆਂ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਦੀ ਬਦਲੀ ਹੋ ਚੁੱਕੀ ਸੀ ਅਤੇ ਕੱਲ੍ਹ ਹੀ ਤਹਿਸੀਲਦਾਰ ਨੇ ਇਥੋਂ ਰਿਲੀਵ ਹੋਣਾ ਸੀ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।