JALANDHAR WEATHER

21-04-2025

 ਮੰਦੇ ਬੋਲ ਨਾ ਬੋਲੀਏ

ਜ਼ੁਬਾਨ ਸਾਡੀ ਅਨਮੋਲ ਤੋਹਫ਼ਾ ਹੈ, ਜਿਸ ਨਾਲ ਅਸੀਂ ਆਪਣੇ ਵਿਚਾਰ ਦੂਜੇ ਸਾਹਮਣੇ ਰੱਖਦੇ ਹਾਂ। ਬਿਨਾਂ ਸੋਚੇ ਸਮਝੇ ਕਈ ਵਾਰ ਅਸੀਂ ਇੰਨਾ ਮਾੜਾ ਬੋਲ ਦਿੰਦੇ ਹਾਂ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ 'ਤੇ ਆ ਜਾਂਦੇ ਹਨ। ਕਈ ਵਾਰ ਤਾਂ ਕਾਹਲੀ 'ਚ ਅਸੀਂ ਇਹ ਨਹੀਂ ਸੋਚਦੇ ਕਿ ਕੀ ਬੋਲਣੈ? ਜਦੋਂ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਪਛਤਾਵਾ ਹੁੰਦਾ ਹੈ। ਸਾਨੂੰ ਕ੍ਰੋਧ ਵਿਚ ਸਹਿਣਸ਼ੀਲ ਹੋਣਾ ਚਾਹੀਦਾ ਹੈ। ਜੇ ਸਬਰ ਨਹੀਂ ਤਾਂ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਮੇਰੇ ਅੰਦਰ ਸਹਿਣਸ਼ੀਲਤਾ ਵਾਲੇ ਗੁਣ ਹੋਣ। ਜਦੋਂ ਅਸੀਂ ਸੋਚ ਸਮਝ ਕੇ ਬੋਲਦੇ ਹਾਂ ਤਾਂ ਸੁਣਨ ਵਾਲਾ ਬਹੁਤ ਹੀ ਧਿਆਨ ਨਾਲ ਸੁਣਦਾ ਹੈ।
ਸਿਆਣੇ ਅਕਸਰ ਕਹਿੰਦੇ ਹਨ ਕਿ 'ਸੌ ਵਾਰ ਸੋਚ ਕੇ ਬੋਲੋ ਜਾਂ ਪਹਿਲਾਂ ਤੋਲੋ ਫਿਰ ਬੋਲੋ।' ਕਿਸੇ ਨੇ ਸਹੀ ਕਿਹਾ ਹੈ ਕਿ ਜ਼ੁਬਾਨ ਅਰਸ਼ ਤੋਂ ਫਰਸ਼ ਤੱਕ ਲੈ ਜਾਂਦੀ ਹੈ। ਕਈ ਲੋਕ ਤਾਂ ਬਿਲਕੁਲ ਹੀ ਘੱਟ ਬੋਲਦੇ ਹਨ।
ਅਜਿਹੇ ਲੋਕਾਂ ਦੀਆਂ ਅੱਖਾਂ ਹੀ ਬਹੁਤ ਕੁਝ ਕਹਿ ਜਾਂਦੀਆਂ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਦੋਸਤ, ਕਰੀਬੀ ਰਿਸ਼ਤੇਦਾਰ ਸਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੋ, ਤਾਂ ਹੀ ਜ਼ਿੰਦਗੀ ਨੂੰ ਖ਼ੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹਾਂ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਮਾਤ ਭਾਸ਼ਾ ਦਾ ਸਤਿਕਾਰ ਵਧਾਓ

ਮਾਤ ਭਾਸ਼ਾ ਸੰਚਾਰ ਦਾ ਅਜਿਹਾ ਸਾਧਨ ਹੈ, ਜਿਸ ਰਾਹੀਂ ਅਸੀਂ ਆਪਣੇ ਵਿਚਾਰ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦੇ ਹਾਂ। ਵਰਤਮਾਨ ਸਮੇਂ ਵਿਚ ਇਸ ਭਾਸ਼ਾ ਦਾ ਪ੍ਰਭਾਵ ਘਟ ਰਿਹਾ ਹੈ। ਅੰਗਰੇਜ਼ੀ ਤੇ ਹਿੰਦੀ ਭਾਸ਼ਾ ਦਾ ਪ੍ਰਭਾਵ ਵਧ ਰਿਹਾ ਹੈ। ਸਕੂਲਾਂ, ਕਾਲਜਾਂ, ਦਫ਼ਤਰਾਂ, ਘਰਾਂ ਦੇ ਵਿਚ ਵੀ ਅੰਗਰੇਜ਼ੀ ਭਾਸ਼ਾ ਨੂੰ ਪਹਿਲ ਦਿੱਤੀ ਜਾਣ ਲੱਗ ਪਈ ਹੈ। ਰਾਸ਼ਟਰੀ ਪੱਧਰ ਦੇ ਇਮਤਿਹਾਨ ਵੀ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਲਏ ਜਾਂਦੇ ਹਨ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਹੋਰ ਭਾਸ਼ਾਵਾਂ ਦੇ ਨਾਲ ਮਾਤ ਭਾਸ਼ਾ ਨੂੰ ਪਹਿਲ ਦਈਏ। ਸਾਨੂੰ ਵਿਦੇਸ਼ਾਂ ਵਿਚ ਜਾ ਕੇ ਮਾਤ ਭਾਸ਼ਾ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਸਾਨੂੰ ਪੰਜਾਬੀ ਹੋਣ 'ਤੇ ਪੂਰਾ ਮਾਣ ਹੋਣਾ ਚਾਹੀਦਾ ਹੈ। ਮਾਤ ਭਾਸ਼ਾ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਮਾਤ ਭਾਸ਼ਾ ਦਾ ਪ੍ਰਚਾਰ ਕਰਨ ਲਈ ਸਕੂਲਾਂ, ਕਾਲਜਾਂ ਵਿਚ ਲੇਖ ਮੁਕਾਬਲੇ, ਭਾਸ਼ਨ ਮੁਕਾਬਲੇ ਕਰਵਾਉਣੇ ਚਾਹੀਦੇ ਹਨ। ਮਾਤ ਭਾਸ਼ਾ ਦਾ ਪ੍ਰਚਾਰ ਕਰਵਾਉਣ ਦੇ ਲਈ ਮਾਤਾ-ਪਿਤਾ, ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਵੱਧ ਤੋਂ ਵੱਧ ਮਾਤ ਭਾਸ਼ਾ ਵਿਚ ਲਿਖਣ, ਬੋਲਣ ਦੇ ਲਈ ਪ੍ਰੇਰਿਤ ਕਰਨ। ਮਾਤ ਭਾਸ਼ਾ ਸਾਡੇ ਸਮਾਜਿਕ, ਮਾਨਸਿਕ ਚਰਿੱਤਰ ਦੇ ਵਿਕਾਸ ਵਿਚ ਸਹਾਈ ਹੁੰਦੀ ਹੈ।

-ਰਾਜਵੀਰ ਕੌਰ
ਐਮ.ਏ. ਹਿਸਟਰੀ, ਬੀ.ਐੱਡ.
ਰਾਜਪੁਰ ਭਾਈਆਂ, ਹੁਸ਼ਿਆਰਪੁਰ।

ਪੱਕੀ ਫ਼ਸਲ ਨੂੰ ਅੱਗ ਤੋਂ ਬਚਾਓ

ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ, ਗਰਮੀ ਦੇ ਮੌਸਮ ਵਿਚ ਅਕਸਰ ਪੱਕੀ ਫ਼ਸਲ ਨੂੰ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਿਸਾਨਾਂ ਨੇ ਛੇ ਮਹੀਨੇ ਮਿਹਨਤ ਕਰਕੇ ਫ਼ਸਲ ਪਾਲੀ ਹੁੰਦੀ ਹੈ, ਪਰ ਇਕ ਛੋਟੀ ਜਿਹੀ ਅਣਗਹਿਲੀ ਸਭ ਕੁਝ ਸੁਆਹ ਕਰ ਸਕਦੀ ਹੈ। ਬਿਜਲੀ ਦੀਆਂ ਢਿੱਲੀਆਂ ਤਾਰਾਂ, ਸਵਿੱਚਾਂ ਤੋਂ ਨਿਕਲਣ ਵਾਲੀ ਚੰਗਿਆੜੀ ਜਾਂ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਕਾਰਨ ਭਾਰੀ ਨੁਕਸਾਨ ਹੋ ਸਕਦਾ ਹੈ। ਕਣਕ ਸਿਰਫ਼ ਸਾਡਾ ਭੋਜਨ ਹੀ ਨਹੀਂ, ਸਗੋਂ ਪਸ਼ੂਆਂ ਦੇ ਚਾਰੇ ਦਾ ਵੀ ਜ਼ਰੀਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਕੀਮਤੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਬਚਾਅ ਲਈ ਖੇਤਾਂ ਵਿਚ ਬਿਜਲੀ ਸਪਲਾਈ ਬੰਦ ਰੱਖੋ, ਟਰਾਂਸਫਾਰਮਰਾਂ ਦੇ ਆਲੇ-ਦੁਆਲੇ ਦੀ ਕਣਕ ਪਹਿਲਾਂ ਕੱਟ ਲਓ ਅਤੇ ਪਾਣੀ ਦਾ ਪ੍ਰਬੰਧ ਰੱਖੋ। ਆਓ, ਸਾਰੇ ਰਲ ਕੇ ਆਪਣੀ ਮਿਹਨਤ ਨੂੰ ਸੁਰੱਖਿਅਤ ਰੱਖੀਏ।

-ਚਾਨਣ ਦੀਪ ਸਿੰਘ ਔਲਖ