ਪਿੰਡ ਰੱਤੜ ਛੱਤੜ ਤੋਂ 519 ਗ੍ਰਾਮ ਹੈਰੋਇਨ ਬਰਾਮਦ

ਡੇਰਾ ਬਾਬਾ ਨਾਨਕ, 22 ਅਪ੍ਰੈਲ (ਹੀਰਾ ਸਿੰਘ ਮਾਂਗਟ)-ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ, ਜਿਸ ਵਲੋਂ ਸਰਹੱਦੀ ਇਲਾਕੇ ਅੰਦਰ ਆਏ ਦਿਨ ਡਰੋਨ ਐਕਟੀਵਿਟੀ ਰਾਹੀਂ ਹੈਰੋਇਨ ਦੀਆਂ ਖੇਪਾਂ ਭੇਜੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਰੱਤੜ ਛੱਤੜ ਦੇ ਖੇਤਾਂ ਵਿਚੋਂ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ.ਐਚ.ਓ. ਸਤਪਾਲ ਸਿੰਘ ਨੇ ਦੱਸਿਆ ਕਿ ਅੱਜ ਸਰਹੱਦੀ ਇਲਾਕੇ ਅੰਦਰ ਬੀ.ਐਸ.ਐਫ. ਅਤੇ ਪੁਲਿਸ ਵਲੋਂ ਚਲਾਏ ਗਏ ਸਾਂਝੇ ਸਰਚ ਅਭਿਆਨ ਦੌਰਾਨ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਰੱਤੜ ਛੱਤੜ ਦੇ ਗੋਭੀ ਦੇ ਖੇਤਾਂ ਵਿਚੋਂ ਇਕ ਪੀਲੇ ਰੰਗ ਦਾ ਮੋਮੀ ਲਿਫਾਫਾ ਬਰਾਮਦ ਹੋਇਆ, ਜਿਸ ਵਿਚ ਕੁਝ ਲਪੇਟਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਅਤੇ ਬੀ.ਐਸ.ਐਫ. ਵਲੋਂ ਇਸ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਇਸ ਵਿਚੋਂ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਤੋਲ ਕਰਨ ਉਤੇ ਇਸ ਹੈਰੋਇਨ ਦਾ ਵਜ਼ਨ 519 ਗ੍ਰਾਮ ਪਾਇਆ ਗਿਆ। ਐਸ.ਐਚ. ਓ. ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਬੀ.ਐਸ.ਐਫ. ਅਤੇ ਪੁਲਿਸ ਵਲੋਂ ਇਲਾਕੇ ਅੰਦਰ ਹੋਰ ਵੀ ਸਰਚ ਅਭਿਆਨ ਜਾਰੀ ਹੈ।