ਵਿਸਾਖੀ ਦੇ ਦਿਹਾੜੇ 'ਤੇ ਦਰਿਆ ਬਿਆਸ ਵਿਚ ਡੁੱਬਣ ਨਾਲ ਦੋ ਨੌਜਵਾਨਾਂ ਦੀ ਮੌਤ, ਦੋ ਦੀ ਭਾਲ ਜਾਰੀ

ਕਪੂਰਥਲਾ/ਫੱਤੂਢੀਂਗਾ, 13 ਅਪ੍ਰੈਲ (ਅਮਰਜੀਤ ਕੋਮਲ, ਬਲਜੀਤ ਸਿੰਘ)-ਵਿਸਾਖੀ ਦੇ ਦਿਹਾੜੇ 'ਤੇ ਅੱਜ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬੂੜੇਵਾਲ ਦੇ ਸਾਹਮਣੇ ਦਰਿਆ ਬਿਆਸ ਵਿਚ ਨਹਾਉਣ ਗਏ ਚਾਰ ਨੌਜਵਾਨਾਂ ਵਿਚੋਂ ਦੋ ਦੀ ਡੁੱਬਣ ਨਾਲ ਮੌਤ ਹੋ ਗਈ । ਜਦਕਿ ਉਨ੍ਹਾਂ ਦੇ ਦੋ ਸਾਥੀਆਂ ਦੀ ਤਲਾਸ਼ ਐਨ.ਡੀ.ਆਰ.ਐਫ. ਦੇ ਗੋਤਾਂਖੋਰਾਂ ਵਲੋਂ ਕੀਤੀ ਜਾ ਰਹੀ ਹੈ । ਪਤਾ ਲੱਗਾ ਹੈ ਕਿ ਸ਼ਾਮ ਦੇ ਸਮੇਂ ਥਾਣਾ ਫੱਤੂਢੀਂਗਾ ਦੀ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਐਸ.ਐਚ.ਓ. ਸੋਨਮਦੀਪ ਕੌਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ , ਜਿਨ੍ਹਾਂ ਦੀ ਪਹਿਚਾਣ 17 ਸਾਲਾ ਅਰਸ਼ਦੀਪ ਸਿੰਘ ਤੇ ਜਸਪਾਲ ਸਿੰਘ ਵਾਸੀ ਪਿੰਡ ਪੀਰੇਵਾਲ ਵਜੋਂ ਹੋਈ । ਜਦਕਿ ਇਸੇ ਪਿੰਡ ਦੇ ਦੋ ਨੌਜਵਾਨਾਂ ਵਿਸ਼ਾਲ ਤੇ ਗੁਰਪ੍ਰੀਤ ਸਿੰਘ ਦੀ ਤਲਾਸ਼ ਐਨ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਕੀਤੀ ਜਾ ਰਹੀ ਹੈ ।