ਸਿੱਖਾਂ ਦੇ ਮਾਮਲਿਆਂ ’ਚ ਦਖ਼ਲ ਦੇਣ ਦੀ ਬਜਾਏ ਸਿੱਖ ਮਸਲੇ ਹੱਲ ਕਰਵਾਉਣ ਲਈ ਸਹਿਯੋਗ ਕਰਨ ਹਰਜੋਤ ਸਿੰਘ ਬੈਂਸ- ਜਥੇਦਾਰ ਗੜਗੱਜ

ਅੰਮ੍ਰਿਤਸਰ, 13 ਅਪ੍ਰੈਲ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਿੱਖ ਮਾਮਲਿਆਂ ਵਿਚ ਦਖਲ ਦਖ਼ਲ ਦੀ ਬਜਾਏ ਲੰਮੇ ਸਮੇਂ ਤੋਂ ਲਟਕੇ ਹੋਏ ਸਿੱਖ ਮਸਲੇ ਹੱਲ ਕਰਵਾਉਣ ਵਿਚ ਸਹਿਯੋਗ ਦੇਣ ਦੀ ਨਸੀਹਤ ਦਿੱਤੀ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਰਦਾਰ ਬੈਂਸ ਆਪਣੇ ਆਪ ਨੂੰ ਪੰਥ ਦਾ ਹਿੱਸਾ ਸਮਝਦੇ ਹਨ ਪਰ ਜਿਹੜੀ ਗੱਲ ਉਨ੍ਹਾਂ ਨੇ ਵਿਧਾਨ ਸਭਾ ਵਿਚ ਕੀਤੀ ਹੈ ਇਹ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਖ਼ਾਲਸਾ ਪੰਥ ਆਪ ਤੈਅ ਕਰੇਗਾ ਨਾ ਕਿ ਪੰਜਾਬ ਦੀ ਵਿਧਾਨ ਸਭਾ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬਾਨ ਦੇ ਵਿਧੀ ਵਿਧਾਨ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਪਹਿਲਾਂ ਹੀ ਸਿੱਖ ਸੰਗਤ ਤੇ ਜਥੇਬੰਦੀਆਂ ਤੋਂ ਸੁਝਾਅ ਮੰਗੇ ਹੋਏ ਹਨ। ਸ. ਬੈਂਸ ਆਪਣੇ ਆਪ ਨੂੰ ਪੰਥ ਦਾ ਹਿੱਸਾ ਸਮਝਦੇ ਤਾਂ ਉਨ੍ਹਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਪੰਥਕ ਮਸਲੇ ਚੁੱਕਣ ਦਾ ਮੰਚ ਕਿਹੜਾ ਹੈ ਅਤੇ ਜੇਕਰ ਉਨ੍ਹਾਂ ਦੇ ਕੋਈ ਸੁਝਾਅ ਹਨ ਤਾਂ ਉਹ ਸਹੀ ਚੈਨਲ ਰਾਹੀਂ ਪੁੱਜਦੇ ਕਰਨ।