ਆਸਟ੍ਰੇਲੀਅਨ ਨਾਗਰਿਕ ਦੀ ਲੁੱਟ ਦੇ ਮਾਮਲੇ 'ਚ 4 ਗ੍ਰਿਫ਼ਤਾਰ

ਸ੍ਰੀ ਅਨੰਦਪੁਰ ਸਾਹਿਬ, 9 ਅਪ੍ਰੈਲ (ਜੇ. ਐਸ. ਨਿੱਕੂਵਾਲ/ਕਰਨੈਲ ਸਿੰਘ)-ਬੀਤੀ 7 ਅਪ੍ਰੈਲ ਨੂੰ ਇਥੋਂ ਦੇ ਰੇਲਵੇ ਸਟੇਸ਼ਨ ਨਜ਼ਦੀਕ ਰੇਲਵੇ ਲਾਈਨ ਉਤੇ ਆਸਟ੍ਰੇਲੀਆ ਦੇ ਰਹਿਣ ਵਾਲੇ ਇਕ ਨਾਗਰਿਕ ਕੈਹਕਿੰਨ ਪੁੱਤਰ ਚਿਓਗ ਨਾਲ ਕੁੱਟਮਾਰ ਕਰਨ ਤੋਂ ਬਾਅਦ ਕੁਝ ਅਣਪਛਾਤੇ ਲੋਕਾਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 10 ਕਥਿਤ ਦੋਸ਼ੀਆਂ ਵਿਚੋਂ ਰੇਲਵੇ ਪੁਲਿਸ ਵਲੋਂ ਇਸ ਮਾਮਲੇ ਵਿਚ ਸ਼ਾਮਿਲ ਚਾਰ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਮਿਲੀ ਹੈ। ਦੱਸਣਯੋਗ ਹੈ ਕਿ ਗ੍ਰਿਫਤਾਰ ਕੀਤੇ ਇਨ੍ਹਾਂ ਦੋਸ਼ੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਵਲੋਂ ਇਨ੍ਹਾਂ ਨੂੰ ਸੱਤ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਗਿਆ।
ਇਸ ਸਬੰਧੀ ਸਰਹਿੰਦ ਰੇਲਵੇ ਪੁਲਿਸ ਥਾਣੇ ਦੇ ਮੁਖੀ ਐਸ.ਆਈ. ਰਤਨ ਲਾਲ ਨੇ ਦੱਸਿਆ ਕਿ ਕੁੱਟ-ਮਾਰ ਤੇ ਲੁੱਟ- ਖੋਹ ਦੀ ਘਟਨਾ ਦਾ ਸ਼ਿਕਾਰ ਹੋਏ ਆਸਟ੍ਰੇਲੀਅਨ ਨਾਗਰਿਕ ਦੇ ਬਿਆਨਾਂ ਦੇ ਆਧਾਰ ਉਤੇ 10 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਨ੍ਹਾਂ ਵਿਚੋਂ ਚਾਰ ਕਥਿਤ ਦੋਸ਼ੀਆਂ ਵਿਚੋਂ 2 ਰਾਮ ਕੁਮਾਰ ਤੇ ਤ੍ਰਿਛੁਲ ਕੁਮਾਰ ਵਾਸੀ ਬਿਹਾਰ, ਇਕ ਕਪਿਲ ਵਾਸੀ ਕੁੰਭੜਾ ਜ਼ਿਲ੍ਹਾ ਮੋਹਾਲੀ ਅਤੇ ਇਕ ਸੋਹਣ ਕੁਮਾਰ ਵਾਸੀ ਨਿਪਾਲ ਵਜੋਂ ਸ਼ਨਾਖਤ ਹੋਈ ਹੈ। ਉਨ੍ਹਾਂ ਕਿਹਾ ਕਿ ਕਪਿਲ ਕੋਲੋਂ ਕੰਨਾਂ ਨੂੰ ਲਾਹੁਣ ਵਾਲੇ ਮਹਿੰਗੇ ਆਈ. ਪੈਡ, ਸੋਹਣ ਕੋਲੋਂ ਐਪਲ ਕੰਪਨੀ ਦੀ ਘੜੀ, ਰਾਮ ਕੁਮਾਰ ਕੋਲੋਂ ਈਅਰ ਟੈਗ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਕੁੰਭੜਾ ਦੇ ਰਹਿਣ ਵਾਲੇ ਕਪਿਲ ਖਿਲਾਫ 2022 ਵਿਚ ਪਹਿਲਾਂ ਵੀ ਇਕ ਚੋਰੀ ਅਤੇ ਲੁੱਟ ਦਾ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਥਿਤ ਦੋਸ਼ੀਆਂ ਕੋਲੋਂ ਵਿਦੇਸ਼ੀ ਨਾਗਰਿਕ ਦਾ ਪਾਸਪੋਰਟ ਅਜੇ ਬਰਾਮਦ ਨਹੀਂ ਹੋਇਆ ਹੈ, ਜਿਸ ਨੂੰ ਲੱਭਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕਥਿਤ ਦੋਸ਼ੀਆਂ ਕੋਲ ਆਪਣਾ ਕੋਈ ਵੀ ਪਛਾਣ ਪੱਤਰ ਨਹੀਂ ਹੈ। ਤਫਤੀਸ਼ੀ ਅਫਸਰ ਏ.ਐਸ.ਆਈ. ਸੁਗਰੀਵ ਚੰਦ ਰਾਣਾ ਨੇ ਦੱਸਿਆ ਕਿ ਬਾਕੀ ਰਹਿੰਦੇ 6 ਕਥਿਤ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।