ਜੈਨ ਧਰਮ ਨੇ ਭਾਰਤ ਦੀ ਪਛਾਣ ਬਣਾਉਣ ’ਚ ਪਾਇਆ ਵੱਡਮੁੱਲਾ ਯੋਗਦਾਨ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 9 ਅਪ੍ਰੈਲ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨ ਭਵਨ ਵਿਖੇ ਨਵਕਾਰ ਮਹਾਮੰਤਰ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਮੌਕੇ ਉਹ ਬਿਨਾਂ ਜੁੱਤੇ ਪਾਏ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਤੇ ਮੰਚ ’ਤੇ ਬੈਠਣ ਦੀ ਬਜਾਏ ਸਮਾਨਤਾ ਤੇ ਸ਼ਰਧਾ ਦੀ ਭਾਵਨਾ ਦਿਖਾਉਂਦੇ ਹੋਏ ਲੋਕਾਂ ਵਿਚ ਬੈਠੇ। ਇਸ ਤੋਂ ਬਾਅਦ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੈਨ ਧਰਮ ਨੇ ਭਾਰਤ ਦੀ ਪਛਾਣ ਬਣਾਉਣ ਵਿਚ ਇਕ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਦੀਆਂ ਕਦਰਾਂ-ਕੀਮਤਾਂ ਅੱਤਵਾਦ, ਯੁੱਧ ਅਤੇ ਵਾਤਾਵਰਣ ਸੁਰੱਖਿਆ ਦੀਆਂ ਵਿਸ਼ਵਵਿਆਪੀ ਚੁਣੌਤੀਆਂ ਦਾ ਜਵਾਬ ਦਿੰਦੀਆਂ ਹਨ। ‘ਨਵਕਾਰ ਮਹਾਂਮੰਤਰ ਦਿਵਸ’ ਮਨਾਉਣ ਲਈ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਾਚੀਨ ਧਰਮ ਦੀ ਵਿਰਾਸਤ ਅਤੇ ਸਿੱਖਿਆਵਾਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੈਨ ਸਾਹਿਤ ਭਾਰਤ ਦੀ ਅਧਿਆਤਮਿਕ ਸ਼ਾਨ ਦੀ ਰੀੜ੍ਹ ਦੀ ਹੱਡੀ ਹੈ। ਸਰਕਾਰ ਇਸ ਨੂੰ ਸੁਰੱਖਿਅਤ ਰੱਖਣ ਲਈ ਕਈ ਕਦਮ ਚੁੱਕ ਰਹੀ ਹੈ, ਜਿਸ ਵਿਚ ਇਸ ਦੇ ਪ੍ਰਾਚੀਨ ਗ੍ਰੰਥਾਂ ਨੂੰ ਡਿਜੀਟਲਾਈਜ਼ ਕਰਨ ਦੀ ਹਾਲੀਆ ਯੋਜਨਾ ਸ਼ਾਮਿਲ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨੌਂ ਵਾਅਦੇ ਕਰਨ ਲਈ ਕਿਹਾ, ਜਿਨ੍ਹਾਂ ਵਿਚ ਪਾਣੀ ਬਚਾਉਣਾ, ਆਪਣੀ ਮਾਂ ਦੀ ਯਾਦ ਵਿਚ ਇਕ ਰੁੱਖ ਲਗਾਉਣਾ, ਸਫਾਈ ਨੂੰ ਉਤਸ਼ਾਹਿਤ ਕਰਨਾ, ਸਥਾਨਕ ਲੋਕਾਂ ਲਈ ਆਵਾਜ਼ ਉਠਾਉਣਾ, ਦੇਸ਼ ਦੇ ਅੰਦਰ ਯਾਤਰਾ ਕਰਨਾ, ਕੁਦਰਤੀ ਖੇਤੀ ਅਪਣਾਉਣੀ, ਬਾਜਰਾ ਖਾ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ, ਖੇਡਾਂ ਅਤੇ ਯੋਗਾ ਆਪਣੀ ਜੀਵਨਸ਼ੈਲੀ ਵਿਚ ਅਪਨਾਉਣਾ ਆਦਿ ਨੂੰ ਸ਼ਾਮਿਲ ਕਰਨਾ ਹੈ।