ਲਿਬਰਲ ਆਗੂ ਮਾਰਕ ਕਾਰਨੀ ਵਲੋਂ ਕੈਲਗਰੀ ਚੋਣ ਰੈਲੀ ਦੌਰਾਨ ਟਰੰਪ ਨੂੰ ਲਲਕਾਰ

ਕੈਲਗਰੀ, 9 ਅਪ੍ਰੈਲ (ਜਸਜੀਤ ਸਿੰਘ ਧਾਮੀ)- ਲਿਬਰਲ ਪਾਰਟੀ ਆਫ਼ ਕੈਨੇਡਾ ਦੇ ਆਗੂ ਮਾਰਕ ਕਾਰਨੀ ਦੀ ਕੈਲਗਰੀ ਰੈਲੀ ਦੌਰਾਨ ਸਮਰਥਕਾਂ ਤੇ ਵੋਟਰਾਂ ਦਾ ਭਾਰੀ ਇਕੱਠ ਹੋਇਆ। ਉਨ੍ਹਾਂ ਕਿਹਾ ਕਿ ਉਹ ਇਕ ਅਸਾਧਾਰਨ ਦ੍ਰਿੜ ਵਿਸ਼ਵਾਸ ਦੇ ਨਾਲ-ਨਾਲ ਇਮਾਨਦਾਰੀ, ਕਦਰਾਂ-ਕੀਮਤਾਂ ਅਤੇ ‘ਇਸ ਦੇਸ਼ ਦੀ ਸੇਵਾ ਵਿਚ ਡੂੰਘਾ ਵਿਸ਼ਵਾਸ’ ਵਾਲਾ ਵਿਅਕਤੀ ਹੈ। ਕੈਲਗਰੀ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਕਿਹਾ ਕਿ 28 ਅਪ੍ਰੈਲ ਕੈਨੇਡੀਅਨਾਂ ਲਈ ਬਹੁਤ ਮਹਤਵਪੂਰਨ ਦਿਨ ਹੈ। ਇਸ ਮੌਕੇ ਉਨ੍ਹਾਂ ਟਰੰਪ ਟੈਰਿਫ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਹਫਤੇ ਇਕ ਵਾਰ ਫਿਰ ਡੋਨਾਲਡ ਟਰੰਪ ਨੇ ਵੱਡੇ ਪੱਧਰ ‘ਤੇ ਟੈਰਿਫ ਲਗਾਇਆ ਹੈ ਪਰ ਇਸ ਵਾਰ ਉਸ ਨੇ ਕੈਨੇਡਾ ਨੂੰ ਛੱਡ ਦਿੱਤਾ ਹੈ। ਇਸ ਸਮੇਂ ਕੈਲਗਰੀ ਮੈਕਨਾਈਟ, ਕੈਲਗਰੀ ਕਨਫੈਡਰੇਸ਼ਨ, ਕੈਲਗਰੀ ਸੈਂਟਰ ਅਤੇ ਕੈਲਗਰੀ ਸਕਾਈਵਿਊ ਤੋਂ ਚੋਣ ਲੜ ਰਹੇ ਉਮੀਦਵਾਰ ਵੀ ਹਾਜ਼ਰ ਸਨ। ਅੰਤ ਵਿਚ ਕਾਰਨੀ ਨੇ ਕਿਹਾ ਉਹ ਟਰੰਪ ਦੇ ਡਰਾਵਿਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਇਕੱਤਰ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮਿਹਨਤ ਕਰਕੇ ਕੈਲਗਰੀ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ।