ਵਿਜੀਲੈਂਸ ਦੀ ਆਰ.ਟੀ.ਏ. ਦਫਤਰ 'ਤੇ ਰੇਡ, 3 ਮੁਲਾਜ਼ਮ ਤੇ ਤਿੰਨ ਏਜੰਟ ਹਿਰਾਸਤ 'ਚ ਲਏ

ਪਠਾਨਕੋਟ, 7 ਅਪ੍ਰੈਲ (ਵਿਨੋਦ)-ਵਿਜੀਲੈਂਸ ਵਿਭਾਗ ਵਲੋਂ ਆਰ.ਟੀ.ਏ. ਦਫਤਰ ਪਠਾਨਕੋਟ ਉਤੇ ਰੇਡ ਕੀਤੀ ਗਈ, ਜਿਸ ਦੌਰਾਨ ਤਿੰਨ ਮੁਲਾਜ਼ਮਾਂ ਅਤੇ ਤਿੰਨ ਏਜੰਟਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਵਿਜੀਲੈਂਸ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਥੇ ਲੋਕਾਂ ਨੂੰ ਆਪਣੇ ਕੰਮ ਪੈਸੇ ਦੇ ਕੇ ਕਰਵਾਉਣੇ ਪੈ ਰਹੇ ਹਨ, ਜਿਸ ਦੇ ਚਲਦੇ ਡੀ.ਜੀ.ਪੀ. ਵਿਜੀਲੈਂਸ ਪੰਜਾਬ ਅਤੇ ਐਸ.ਐਸ.ਪੀ. ਅੰਮ੍ਰਿਤਸਰ ਦੇ ਨਿਰਦੇਸ਼ਾਂ ਅਨੁਸਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਉਦੇਸ਼ ਨੂੰ ਲੈ ਕੇ ਰੇਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਥੇ ਪੰਜ ਅਰਜ਼ੀਆਂ ਦੇਖੀਆਂ ਗਈਆਂ, ਜਿਨ੍ਹਾਂ ਵਿਚੋਂ ਦੋ ਲੋਕਾਂ ਨੇ ਖੁਦ ਅਪਲਾਈ ਕੀਤਾ ਸੀ, ਜਦਕਿ ਤਿੰਨ ਲੋਕ ਏਜੰਟਾਂ ਦੇ ਮਾਰਫਤ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਉਨ੍ਹਾਂ ਵਲੋਂ ਤਿੰਨ ਮੁਲਾਜ਼ਮਾਂ ਅਤੇ ਤਿੰਨ ਏਜੰਟਾਂ ਨੂੰ ਹਿਰਾਸਤ ਵਿਚ ਲਿਆ ਗਿਆ। ਦਫਤਰ ਲਿਜਾ ਕੇ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਵਿਭਾਗ ਵਲੋਂ ਦਸੰਬਰ 2024 ਨੂੰ ਵੀ ਇਥੇ ਰੇਡ ਕੀਤੀ ਗਈ ਸੀ, ਜਿਸ ਦੌਰਾਨ ਦੋ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਅੱਜ ਵੀ ਜੇਲ੍ਹ ਵਿਚ ਹਨ, ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਖੁਦ ਚਾਹੀਦਾ ਹੈ ਕਿ ਉਹ ਵਿਵਾਗ ਦੀ ਵੈੱਬਸਾਈਟ ਉਤੇ ਜਾ ਕੇ ਖੁਦ ਅਪਲਾਈ ਕਰਨ ਅਤੇ ਏਜੰਟਾਂ ਦੇ ਚੱਕਰਾਂ ਵਿਚ ਨਾ ਪੈਣ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰੀ ਕਰਮਚਾਰੀ ਪੈਸੇ ਮੰਗਦਾ ਹੈ ਤਾਂ ਉਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕੀਤੀ ਜਾ ਸਕਦੀ ਹੈ।