ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਟਵਾਰਖਾਨੇ ਤੇ ਸਿੰਚਾਈ ਪ੍ਰਾਜੈਕਟ ਦਾ ਰੱਖਿਆ ਨੀਂਹ-ਪੱਥਰ

ਲੌਂਗੋਵਾਲ, 7 ਅਪ੍ਰੈਲ (ਵਿਨੋਦ ਸ਼ਰਮਾ)-ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਪ੍ਰਧਾਨ ਆਮ ਆਦਮੀ ਪਾਰਟੀ ਨੇ ਅੱਜ ਕਸਬਾ ਲੌਂਗੋਵਾਲ ਵਿਚ ਲਗਭਗ 13 ਕਰੋੜ ਦੀ ਲਾਗਤ ਨਾਲ ਤਿੰਨ ਅਹਿਮ ਵਿਕਾਸ ਕਾਰਜ ਆਰੰਭ ਕਰਵਾਏ ਹਨ। ਉਨ੍ਹਾਂ ਕਈ ਸਾਲਾਂ ਤੋਂ ਲਟਕ ਰਹੇ ਬਹੁ-ਕਰੋੜੀ ਲਾਗਤ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਉਦਘਾਟਨ ਉਪਰੰਤ ਅਮਨ ਅਰੋੜਾ ਨੇ ਕਿਹਾ ਕਿ 11 ਕਰੋੜ ਦੀ ਲਾਗਤ ਨਾਲ ਬਣਨ ਵਾਲਾ 5 ਐਮ.ਐਲ. ਡੀ. ਦਾ ਇਹ ਟਰੀਟਮੈਂਟ ਪਲਾਂਟ ਕਸਬੇ ਵਿਚਲੇ ਸੀਵਰੇਜ ਪ੍ਰਬੰਧਾਂ ਨੂੰ ਦਰੁਸਤ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਕ ਹੋਰ ਪ੍ਰਾਜੈਕਟ ਦੀ ਸ਼ੁਰੂਆਤ ਕਰ ਰਹੇ ਹਾਂ, ਜਿਸ ਅਧੀਨ ਇਸ ਟਰੀਟਮੈਂਟ ਪਲਾਂਟ ਰਾਹੀਂ ਸੋਧੇ ਹੋਏ ਪਾਣੀ ਦੀ ਵਰਤੋਂ ਲਈ ਸਵਾ ਪੰਜ ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪਾਣੀ ਨਾਲ 400 ਏਕੜ ਜ਼ਮੀਨ ਨੂੰ ਪਾਣੀ ਮਿਲ ਸਕੇਗਾ ਅਤੇ ਇਸ ਨਾਲ 72 ਕਿਸਾਨ ਪਰਿਵਾਰਾਂ ਨੂੰ ਲਾਭ ਮਿਲੇਗਾ। ਇਸ ਤੋਂ ਪਹਿਲਾਂ ਉਨ੍ਹਾਂ ਸਥਾਨਕ ਸਬ-ਤਹਿਸੀਲ ਵਿਖੇ 34 ਲੱਖ ਦੀ ਲਾਗਤ ਨਾਲ ਬਣਨ ਵਾਲੇ ਪਟਵਾਰਖਾਨੇ ਦਾ ਨੀਂਹ-ਪੱਥਰ ਰੱਖਿਆ।