ਪੁਲਿਸ ਨੇ ਚੈਕਿੰਗ ਦੌਰਾਨ ਦੋ ਵਿਅਕਤੀਆਂ ਤੋਂ 50 ਲੱਖ ਰੁਪਏ ਦੀ ਨਕਦੀ ਫੜੀ

ਸਮਰਾਲਾ, 7 ਅਪ੍ਰੈਲ (ਗੋਪਾਲ ਸੋਫਤ)-ਸਥਾਨਕ ਪੁਲਿਸ ਨੇ ਇਥੋਂ ਨਜ਼ਦੀਕੀ ਪੁਲਿਸ ਚੌਕੀ ਉਤੇ ਨਾਕੇਬੰਦੀ ਦੌਰਾਨ ਇਕ ਗੱਡੀ ਵਿਚੋਂ 50 ਲੱਖ ਰੁਪਏ ਦੀ ਨਕਦੀ ਫੜੀ ਹੈ। ਸਥਾਨਕ ਐੱਸ.ਐੱਚ.ਓ. ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਹੇਡੋਂ ਚੌਕੀ ਦੇ ਅੱਗੇ ਲੁਧਿਆਣਾ-ਚੰਡੀਗੜ੍ਹ ਹਾਈਵੇ ’ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਚੰਡੀਗੜ੍ਹ ਵਾਲੇ ਪਾਸਿਓਂ ਆ ਰਹੀ ਇਨੋਵਾ ਗੱਡੀ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਇਹ 500- 500 ਰੁਪਏ ਦੇ ਨੋਟਾਂ ਦੇ ਬੰਡਲਾਂ 'ਚ 50 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਗੱਡੀ ਦੇ ਚਾਲਕ ਅਤੇ ਉਸ ਨਾਲ ਬੈਠੇ ਵਿਅਕਤੀ ਤੋਂ ਜਦੋਂ ਇਸ ਰਕਮ ਬਾਰੇ ਪੁੱਛਿਆ ਗਿਆ ਤਾਂ ਉਹ ਨਾ ਤਾਂ ਕੋਈ ਦਸਤਾਵੇਜ ਪੇਸ਼ ਕਰ ਸਕੇ ਅਤੇ ਨਾ ਹੀ ਕੋਈ ਤਸੱਲੀਬਖਸ਼ ਜਵਾਬ ਦੇ ਸਕੇ। ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਨੇ ਆਪਣੀ ਪਛਾਣ ਰਣਜੀਤ ਸਿੰਘ ਨਿਵਾਸੀ ਚੰਡੀਗੜ੍ਹ ਅਤੇ ਉਸਦੇ ਸਾਥੀ ਨੇ ਵੀ ਰਣਜੀਤ ਸਿੰਘ ਨਿਵਾਸੀ ਬਨੂੜ ਵਜੋਂ ਦੱਸੀ ਹੈ। ਐੱਸ.ਐੱਚ.ਓ. ਅਨੁਸਾਰ ਇਸ ਮਾਮਲੇ ਦੀ ਸੂਚਨਾ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਇਹ 50 ਲੱਖ ਰੁਪਏ ਲੋੜੀਂਦੀ ਕਾਰਵਾਈ ਲਈ ਉਨ੍ਹਾਂ ਨੂੰ ਸੌਂਪੇ ਗਏ। ਇਨ੍ਹਾਂ ਵਿਅਕਤੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਹਨ ਅਤੇ ਇਹ ਰਕਮ ਕਰਾਲੀ ਤੋਂ ਲੁਧਿਆਣੇ ਲਿਜਾ ਰਹੇ ਹਨ।