ਸਿੱਖਿਆ ਮੰਤਰੀ ਵਲੋਂ ਸਕੂਲ ਆਫ਼ ਐਮੀਨੈਂਸ ’ਚ ਵਿਕਾਸ ਕੰਮਾਂ ਦਾ ਉਦਘਾਟਨ

ਮੋਹਾਲੀ, 7 ਅਪ੍ਰੈਲ (ਤਰਵਿੰਦਰ ਸਿੰਘ)- ਸਿੱਖਿਆ ਮੰਤਰੀ, ਪੰਜਾਬ ਹਰਜੋਤ ਸਿੰਘ ਬੈਂਸ ਅਤੇ ਕੁਲਵੰਤ ਸਿੰਘ ਹਲਕਾ ਵਿਧਾਇਕ, ਐੱਸ. ਏ. ਐੱਸ. ਨਗਰ ਨੇ ਸਕੂਲ ਆਫ਼ ਐਮੀਨੈਂਸ, ਫ਼ੇਜ਼ 11, ਮੋਹਾਲੀ ਵਿਖੇ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ 20 ਹਜ਼ਾਰ ਸਰਕਾਰੀ ਸਕੂਲਾਂ ਵਿਚ 28 ਲੱਖ ਬੱਚੇ ਪੜਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਤਿੰਨ ਸਾਲ ਪਹਿਲਾਂ ਸਿੱਖਿਆ ਮੰਤਰੀ ਬਣੇ ਤਾਂ ਉਹਨਾਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਬਹੁਤ ਕੰਮ ਕੀਤਾ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਸਕੂਲਾਂ ਦੀ ਬਿਹਤਰੀ ਲਈ ਕੰਮ ਕਰੀਏ। ਸਿੱਖਿਆ ਮੰਤਰੀ ਨੇ ਕਿਹਾ ਅੱਜ ਕੁਝ ਸਕੂਲਾਂ ਨੂੰ ਛੱਡ ਕੇ ਬਾਕੀ ਸਾਰੇ ਸਕੂਲਾਂ ਦੀ ਚਾਰ ਦੀਵਾਰੀ ਹੈ, ਸਾਰੇ ਸਕੂਲਾਂ ਵਿਚ ਫਰਨੀਚਰ ਹੈ ਅਤੇ 150 ਦੇ ਕਰੀਬ ਸਕੂਲਾਂ ਵਿਚ ਬੱਸ ਸਰਵਿਸ ਉਪਲਬਧ ਹੈ, ਸਰਕਾਰੀ ਸਕੂਲਾਂ ਵਿਚ ਸਿਕਿਉਰਟੀ ਗਾਰਡ ਦੀ ਵੀ ਸਹੂਲਤ ਉਪਲਬਧ ਹੈ। ਪਰ ਕੁਝ ਲੋਕ ਜਾਣ ਬੁੱਝ ਕੇ ਸਰਕਾਰੀ ਸਕੂਲਾਂ ਦਾ ਅਕਸ ਖਰਾਬ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਸਕੂਲ ਦੀ ਗਰਾਊਂਡ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।