ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਅਜੇ ਮੰਗੂਪੁਰ ਘਰ ਵਿਚ ਨਜ਼ਰਬੰਦ

ਬਲਾਚੌਰ, (ਨਵਾਂਸ਼ਹਿਰ), 7 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਮੁੱਖ ਮੰਤਰੀ ਦੀ ਨਵਾਂਸ਼ਹਿਰ ਫੇਰੀ ਦੇ ਮੱਦੇਨਜ਼ਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮੰਗੂਪੁਰ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਵਿਚ ਨਜ਼ਰਬੰਦ ਕਰ ਦਿੱਤਾ। ਵੱਖ ਵੱਖ ਸਮੇਂ ਲੋਕ ਮੁਦਿਆਂ ਨੂੰ ਨਿਡਰਤਾ ਤੇ ਬੇਬਾਕੀ ਨਾਲ ਉਠਾਉਣ ਵਾਲੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕੱਲ੍ਹ ਸ਼ਾਮੀ ਸ਼ੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਮੁੱਖ ਮੰਤਰੀ ਪੰਜਾਬ ਨੂੰ ਕੁੱਝ ਸਵਾਲ ਕੀਤੇ ਸਨ। ਮੁੱਖ ਮੰਤਰੀ ਜਿਹੜੇ ਨਵਾਂਸਹਿਰ ਵਿਖੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨ ਲਈ ਆ ਰਹੇ ਹਨ, ਸੰਬੰਧੀ ਅਜੇ ਮੰਗੂਪੁਰ ਨੇ ਸਵਾਲ ਕੀਤਾ ਸੀ ਕਿ ਪੁਰਾਣੀਆਂ ਸਕੂਲੀ ਇਮਾਰਤਾਂ ਦਾ ਉਦਘਾਟਨ ਕਰਕੇ ਨੀਂਹ ਪੱਥਰ ਰੱਖ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਫੋਕੀ ਰਾਜਨੀਤੀ ਚਮਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਸੀ ਕਿ ਸਕੂਲਾਂ ਦੀਆਂ ਇਮਾਰਤਾਂ ਦੀ ਕਾਇਆ ਕਲਪ ਕਰਨ ਲਈ ਪਿਛਲੀ ਕਾਂਗਰਸ ਸਰਕਾਰ ਨੇ ਗ੍ਰਾਂਟਾਂ ਦੀ ਝੜੀ ਲਗਾ ਦਿੱਤੀ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਆਖਿਆ ਸੀ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਨਾਲ ਨਾਲ ਕੱਚੇ ਅਧਿਆਪਕਾਂ ਨੂੰ ਪੱਕਿਆ ਕੀਤਾ ਜਾਵੇ।