JALANDHAR WEATHER

ਤੜਕਸਾਰ ਮੌਸਮ ਦੇ ਬਦਲੇ ਮਿਜਾਜ਼, ਬਾਰਿਸ਼ ਨਾਲ ਕਿਸਾਨਾਂ ਦੀ ਚਿੰਤਾ ਵਧੀ

ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ (ਬੂਟਾ ਸਿੰਘ)  - ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸਵੇਰੇ ਤੜਕਸਾਰ ਹੀ ਮੌਸਮ ਨੇ ਅਚਾਨਕ ਰੁਖ ਬਦਲ ਲਿਆ, ਜਿਥੇ ਆਸਮਾਨ ਵਿਚ ਸੰਘਣੇ ਕਾਲੇ ਬੱਦਲ ਛਾ ਗਏ ਅਤੇ ਕੁਝ ਸਮੇਂ ਬਾਅਦ ਬਾਰਿਸ਼ ਦੀ ਸ਼ੁਰੂਆਤ ਹੋ ਗਈ। ਇਸ ਬਦਲੇ ਹੋਏ ਮੌਸਮ ਨੇ ਇਕ ਵਾਰ ਫਿਰ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿਚ ਲਗਾਤਾਰ ਮੌਸਮ ਖਰਾਬ ਚੱਲ ਰਿਹਾ ਹੈ ਅਤੇ ਭਾਰੀ ਬਾਰਿਸ਼ ਦੇ ਨਾਲ ਨਾਲ ਗੜ੍ਹੇਮਾਰੀ ਨੇ ਵੀ ਕਾਫ਼ੀ ਤਬਾਹੀ ਮਚਾਈ ਸੀ।
ਇਸ ਗੜ੍ਹੇਮਾਰੀ ਅਤੇ ਬਾਰਿਸ਼ ਕਾਰਨ ਖੇਤਾਂ ਵਿਚ ਖੜੀ ਅਤੇ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ, ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ 'ਤੇ ਵੀ ਵੱਡਾ ਅਸਰ ਪਿਆ ਹੈ। ਕਈ ਕਿਸਾਨਾਂ ਦੀਆਂ ਫ਼ਸਲਾਂ ਜ਼ਮੀਨ 'ਤੇ ਵਿਛ ਗਈਆਂ ਹਨ ਤੇ ਖਰਾਬ ਹੋ ਗਈਆਂ ਹਨ।
ਅੱਜ ਫਿਰ ਤੜਕਸਾਰ ਬਾਰਿਸ਼ ਸ਼ੁਰੂ ਹੋਣ ਨਾਲ ਕਿਸਾਨਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਫਿਕਰ ਹੈ ਕਿ ਜੇ ਇਹ ਮੌਸਮ ਲੰਬੇ ਸਮੇਂ ਤੱਕ ਖਰਾਬ ਰਹਿੰਦਾ ਹੈ ਤਾਂ ਬਚੀ ਹੋਈ ਫ਼ਸਲ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵਲੋਂ ਵੀ ਸੰਕੇਤ ਦਿੱਤੇ ਜਾ ਰਹੇ ਹਨ ਕਿ ਮੌਸਮ ਇਸੇ ਤਰ੍ਹਾਂ ਖਰਾਬ ਰਹਿ ਸਕਦਾ ਹੈ ਅਤੇ ਵੱਖ-ਵੱਖ ਥਾਵਾਂ ’ਤੇ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਇਸ ਸਥਿਤੀ ਵਿਚ ਕਿਸਾਨਾਂ ਦੀਆਂ ਉਮੀਦਾਂ ਹੁਣ ਸਰਕਾਰ ਅਤੇ ਪ੍ਰਸ਼ਾਸਨ ਵੱਲ ਟਿਕੀਆਂ ਹੋਈਆਂ ਹਨ ਕਿ ਜਲਦ ਤੋਂ ਜਲਦ ਨੁਕਸਾਨ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਮੂਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ