ਜੰਗ ਕਾਰਨ ਲੋਕ ਮਹਿਗਾਈ ਤੇ ਕਾਲਾਬਾਜ਼ਾਰੀ ਦਾ ਸੰਤਾਪ ਭੋਗ ਰਹੇ-ਪਾਸਲਾ
ਜੰਡਿਆਲਾ ਗੁਰੂ, 29 ਮਾਰਚ (ਪ੍ਰਮਿੰਦਰ ਸਿੰਘ ਜੋਸਨ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ. ਐਮ. ਪੀ. ਆਈ. ) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪਾਰਟੀ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿਚ ਸੱਦੀ ਗਈ ਸਾਮਰਾਜ ਭਜਾਓ, ਮਾਨਵਤਾ ਬਚਾਓ, ਮੋਦੀ ਹਟਾਓ ਦੇਸ਼ ਬਚਾਓ ਵਿਸ਼ਾਲ ਕਾਨਫਰੰਸ ਨੂੰ ਅੱਜ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ-ਇਜ਼ਰਾਇਲ ਵਲੋਂ ਈਰਾਨ ਖਿਲਾਫ ਵਿੱਢੀ, ਬੱਚਿਆਂ-ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ ਲੋਕਾਂ ਦੀ ਬਲੀ ਲੈਣ ਵਾਲੀ ਨਿਹੱਕੀ ਜੰਗ ਨੇ ਭਾਰਤ ਸਣੇ ਸੰਸਾਰ ਦੇ ਸਾਰੇ ਦੇਸ਼ ਡੂੰਘੇ ਆਰਥਕ ਸੰਕਟ ਵੱਲ ਧੱਕ ਦਿੱਤੇ ਹਨ ਅਤੇ ਲੋਕੀਂ ਤੇਲ-ਗੈਸ, ਅਨਾਜ ਤੇ ਹੋਰ ਖੁਰਾਕੀ ਵਸਤਾਂ ਦੀ ਭਾਰੀ ਕਿੱਲਤ, ਮਹਿੰਗਾਈ ਤੇ ਕਾਲਾ ਬਾਜ਼ਾਰੀ ਦਾ ਸੰਤਾਪ ਭੋਗ ਰਹੇ ਹਨÍ
ਕਾਮਰੇਡ ਮੰਗਤ ਰਾਮ ਪਾਸਲਾ ਤੇ ਸਾਥੀਆਂ ਨੇ ਫੌਰੀ ਜੰਗਬੰਦੀ ਤੇ ਈਰਾਨ ਦੇ ਨੁਕਸਾਨ ਦੀ ਮੁਕੰਮਲ ਭਰਪਾਈ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੰਸਾਰ ਅਮਨ ਦੇ ਦੋਖੀ ਟਰੰਪ-ਨੇਤਨਯਾਹੂ ਨਾਲ ਜੰਗੀ ਅਪਰਾਧੀਆਂ ਵਾਲਾ ਸਲੂਕ ਕੀਤਾ ਜਾਣਾ ਚਾਹੀਦਾ ਹੈ। ਇਜ਼ਰਾਇਲ-ਅਮਰੀਕਾ ਮੂਹਰੇ ਗੋਡੇ ਟੇਕ ਕੇ ਭਾਰਤ ਦੀ ਸਾਖ ਨੂੰ ਵੱਟਾ ਲਾਉਣ ਵਾਲੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਬੁਲਾਰਿਆਂ ਨੇ ਕਿਹਾ ਕਿ ਆਰ. ਐਸ. ਐਸ. ਦੇ ਚਾਟੜਿਆਂ ਨੇ ਦੇਸ਼ ਦੀ ਹੋਣੀ ਜ਼ਾਲਿਮ ਧਾੜਵੀਆਂ ਨਾਲ ਨੱਥੀ ਕਰ ਦਿੱਤੀ ਹੈ, ਕਿਉਂਕਿ ਤਾਨਾਸ਼ਾਹ ਟਰੰਪ, ਘੋਰ ਨਸਲਵਾਦੀ ਨੇਤਨਯਾਹੂ ਤੇ ਲੋਕਰਾਜ ਦਾ ਜਨਮਜਾਤ ਵੈਰੀ ਮੋਦੀ ਮੁਸੁਲਿਨੀ ਤੇ ਹਿਟਲਰ ਵਰਗੇ ਫਾਸਿਸਟਾਂ ਦੀ ਅਮਾਨਵੀ ਸੋਚ ਦੇ ਪਿਛਲੱਗ ਹਨ। ਰਾਜ ਕਮੇਟੀ ਦੇ ਸਕੱਤਰ ਪ੍ਰਗਟ ਸਿੰਘ ਜਾਮਾ ਰਾਏ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ, ਸੂਬਾ ਸਕੱਤਰੇਤ ਦੇ ਮੈਂਬਰਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਸਾਥੀ ਸ਼ਿਵ ਕੁਮਾਰ ਪਠਾਨਕੋਟ ਨੇ ਵੀ ਆਪਣੇ ਵਿਚਾਰ ਰੱਖੇ ਮੰਚ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ, ਨੱਥਾ ਸਿੰਘ ਤੇ ਚਮਨ ਲਾਲ ਦਰਾਜ ਨੇ ਕੀਤੀ ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਾ ਤਸਕਰੀ, ਭ੍ਰਿਸ਼ਟਾਚਾਰ, ਅਪਰਾਧਿਕ ਵਾਰਦਾਤਾਂ, ਰੇਤ-ਬਜਰੀ ਮਾਫੀਆ ਦੀ ਲੁੱਟ ਅਤੇ ਲੜ ਰਹੇ ਲੋਕਾਂ 'ਤੇ ਪੁਲਸ ਜਬਰ ਦਾ ਬੇਲਗਾਮ ਵਾਧਾ ਦੱਸਦਾ ਹੈ ਕਿ 'ਆਪ' ਦਾ ਬਦਲਾਅ ਦਾ ਦਮਗਜਾ ਸੂਬੇ ਦੇ ਲੋਕਾਂ ਨਾਲ ਅੱਜ ਤਾਈਂ ਦਾ ਸਭ ਤੋਂ ਵੱਡਾ ਸਿਆਸੀ ਧੋਖਾ ਹੈ।
;
;
;
;
;
;
;