ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵਲੋਂ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ
ਸੁਨਾਮ ਊਧਮ ਸਿੰਘ ਵਾਲਾ, 29 ਮਾਰਚ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ. ਨੰ. 295 ਵਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਡਾ ਜਸਵਿੰਦਰ ਸਿੰਘ ਕਾਲਖ ਦੀ ਅਗਵਾਈ ਵਿਚ ਸ਼ਹਿਰ 'ਚ ਰੋਸ ਮਾਰਚ ਕਰਨ ਉਪਰੰਤ ਅੱਜ ਸਥਾਨਕ ਰਿਟੇਲ ਸਬਜੀ ਮੰਡੀ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਵਿਖੇ ਤੀਜੀ ਜ਼ੋਨ ਪੱਧਰੀ ਵਿਸ਼ਾਲ ਰੈਲੀ ਕੀਤੀ ਗਈ। ਇਸ ਦੌਰਾਨ ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਭਰਵਾਂ ਘਿਰਾਓ ਕਰਕੇ ਸਰਕਾਰ ਨੂੰ ਸਿੱਧਾ ਅਤੇ ਤਿੱਖਾ ਸੰਦੇਸ਼ ਦਿੱਤਾ ਗਿਆ ਕਿ ਹੁਣ ਮੈਡੀਕਲ ਪ੍ਰੈਕਟੀਸ਼ਨਰ ਆਪਣੇ ਹੱਕਾਂ ਲਈ ਹਰ ਮੋਰਚੇ ‘ਤੇ ਡੱਟ ਕੇ ਖੜ੍ਹੇ ਹਨ। ਲੁਧਿਆਣਾ, ਬਰਨਾਲਾ, ਮਲੇਰਕੋਟਲਾ, ਰੋਪੜ, ਸੰਗਰੂਰ, ਮਾਨਸਾ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਤੋਂ ਸੈਂਕੜਿਆਂ ਦੀ ਗਿਣਤੀ 'ਚ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸ਼ਮੂਲੀਅਤ ਕਰਕੇ ਇਕਜੁੱਟਤਾ ਦਾ ਵੱਡਾ ਪ੍ਰਦਰਸ਼ਨ ਕੀਤਾ। ਐਸੋਸੀਏਸ਼ਨ ਦੇ ਸੂਬਾ ਪ੍ਰੈਸ ਮੀਡੀਆ ਇੰਚਾਰਜ ਡਾ. ਮਿੱਠੂ ਮੁਹੰਮਦ ਮਹਿਲ ਕਲ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ, ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕਰ ਦਿੱਤਾ ਗਿਆ।ਸੂਬਾ ਪ੍ਰਧਾਨ ਡਾ.ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਨਾਲ ਹੋਈਆਂ ਮੀਟਿੰਗਾਂ ਹੋਈਆਂ ਮੀਟਿੰਗਾਂ 'ਚ ਕੇਰਲਾ, ਕਰਨਾਟਕ, ਆਂਧਰਾ ਪ੍ਰਦੇਸ਼, ਬਿਹਾਰ ਅਤੇ ਤਾਮਿਲਨਾਡੂ ਦੇ ਮਾਡਲਾਂ ਦੀ ਤਜਵੀਜ ਸਰਕਾਰ ਅੱਗੇ ਰੱਖੀ ਗਈ, ਪਰ ਅਜੇ ਤੱਕ ਕੋਈ ਕੋਈ ਠੋਸ ਹੱਲ ਨਹੀਂ ਕੀਤਾ ਗਿਆ। ਇਸ ਸਮੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਨਿਜੀ ਸਹਾਇਕ ਸੰਜੀਵ ਕੁਮਾਰ ਕਾਂਸਲ ਸੰਜੂ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਅਮਰਜੀਤ ਸਿੰਘ ਕੁੱਕੂ, ਡਾ. ਸਤਬੀਰ ਸਿੰਘ ਮਿਰਜੇਕੇ ਫਿਰੋਜ਼ਪੁਰ ਅਤੇ ਪਰਮੇਸ਼ਰ ਸਿੰਘ ਬਰਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਕਾਨੂੰਨੀ ਰਜਿਸਟਰੇਸ਼ਨ ਦੀ ਮੰਗ ਤੋਂ ਵੀ ਭੱਜ ਰਹੀ ਹੈ ਜਦੋਂ ਕਿ ਕੁਝ ਸੂਬਿਆਂ ਵਿਚ ਪਹਿਲਾਂ ਹੀ ਲਾਗੂ ਹੈ।
;
;
;
;
;
;
;