ਮੁੱਖ ਮੰਤਰੀ ਇਕ ਵੀ ਆਈ. ਟੀ. ਪ੍ਰਾਜੈਕਟ ਦੱਸਣ, ਜੋ ਉਹ ਪੰਜਾਬ ਲਿਆਏ ਹੋਣ : ਸੁਖਬੀਰ ਸਿੰਘ ਬਾਦਲ
ਬਾਘਾ ਪੁਰਾਣਾ/ਚੰਡੀਗੜ੍ਹ, 12 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੋਗਾ ਵਿਖੇ ਰੱਖੀ ਪੰਜਾਬ ਬਚਾਓ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਇਕ ਵੀ ਆਈ. ਟੀ. ਪ੍ਰਾਜੈਕਟ ਦੱਸਣ ਜਿਹੜਾ ਉਹ ਪੰਜਾਬ ਲੈ ਕੇ ਆਏ ਹੋਣ ਅਤੇ ਜ਼ੋਰ ਦੇ ਕੇ ਕਿਹਾ ਕਿ ਇਹ ਪਿਛਲੀ ਅਕਾਲੀ ਦਲ ਦੀ ਸਰਕਾਰ ਸੀ ਜੋ ਇਨਫੋਸਿਸ ਪ੍ਰਾਜੈਕਟ ਪੰਜਾਬ ਲਿਆਈ ਤੇ ਮੁਹਾਲੀ ਵਿਚ ਆਈ. ਟੀ. ਸਿਟੀ ਵਿਕਸਤ ਕੀਤੀ। ਇਥੇ ਸੀਨੀਅਰ ਆਗੂ ਤੀਰਥ ਸਿੰਘ ਮਾਹਲਾ ਸਮੇਤ ਪਾਰਟੀ ਦੀ ਪੰਜਾਬ ਬਚਾਓ ਮੁਹਿੰਮ ਦੇ ਹਿੱਸੇ ਵਜੋਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਇਕ ਮੁੱਖ ਮੰਤਰੀ ਨੂੰ ਸੋਭਦਾ ਨਹੀਂ ਹੈ ਕਿ ਉਹ ਆਈ. ਟੀ. ਕੰਪਨੀਜ਼ ਦੇ ਮਾਮਲੇ ਵਿਚ ਝੂਠ ਬੋਲਣ ਜਦੋਂਕਿ ਸੱਚਾਈ ਇਹ ਹੈ ਕਿ ਪੰਜਾਬ ਵਿਚ ਇਨਫੋਸਿਸ ਸਮੇਤ ਕੰਮ ਕਰ ਰਹੀਆਂ ਆਈ. ਟੀ. ਕੰਪਨੀਆਂ ਪਿਛਲੀ ਅਕਾਲੀ ਦਲ ਦੀ ਸਰਕਾਰ ਸਮੇਂ ਸੂਬੇ ਵਿਚ ਲਿਆਂਦੀਆਂ ਗਈਆਂ ਸਨ।
ਉਨ੍ਹਾਂ ਕਿਹਾ ਕਿ ਮੁਹਾਲੀ ਵਿਚ ਆਈ. ਟੀ. ਸਿਟੀ ਦੀ ਯੋਜਨਾ ਵੀ ਅਕਾਲੀ ਦਲ ਦੀ ਸਰਕਾਰ ਸਮੇਂ ਬਣਾ ਕੇ ਲਾਗੂ ਕੀਤੀ ਗਈ ਤੇ ਇਥੇ ਆਈ. ਐਸ. ਬੀ., ਆਈਸ਼ਰ ਤੇ ਆਈ. ਆਈ. ਟੀ. ਸਥਾਪਿਤ ਕੀਤੀਆਂ ਗਈਆਂ। ਆਪ ਸਰਕਾਰ ਨੇ ਇਸ ਮਾਮਲੇ ਵਿਚ ਕੱਖ ਨਹੀਂ ਕੀਤਾ ਤੇ ਹੁਣ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਪਾਸ ਕੀਤੇ ਪ੍ਰਾਜੈਕਟਾਂ ਦਾ ਮੁੜ ਤੋਂ ਨੀਂਹ ਰੱਖਣ ਵਾਸਤੇ ਆਈ. ਟੀ. ਮੁਖੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਥੇ ਤਰੱਕੀ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਥੇ ਕੱਖ ਹੋਇਆ ਹੀ ਨਹੀਂ।ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਨ੍ਹਾਂ ਪ੍ਰਾਪਤੀਆਂ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਬੰਗਲੌਰ ਤੇ ਹੈਦਰਾਬਾਦ ਦੀ ਤਰਜ਼ ’ਤੇ ਮੁਹਾਲੀ ਤੇ ਅੰਮ੍ਰਿਤਸਰ ਨੂੰ ਵੱਡੇ ਆਈ. ਟੀ. ਹੱਬ ਬਣਾਵਾਂਗੇ। ਅਕਾਲੀ ਦਲ ਹਮੇਸ਼ਾ ਸੂਬੇ ਦਾ ਤੇਜ਼ ਰਫਤਾਰ ਉਦਯੋਗੀਕਰਨ ਕਰਨ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਇਸ ਵਿਚ ਕੰਡੀ ਤੇ ਸਰਹੱਦੀ ਖੇਤਰਾਂ ਅਤੇ ਬਠਿੰਡਾ ਤੇ ਮੋਗਾ ਵਰਗੇ ਅਹਿਮ ਸ਼ਹਿਰਾਂ ਦਾ ਉਦਯੋਗਿਕਰਨ ਵੀ ਸ਼ਾਮਲ ਹੈ। ਇਸ ਮੌਕੇ ਬਿਕਰਮ ਸਿੰਘ ਮਜੀਠੀਆ, ਖਾਨਮੁੱਖ ਭਾਰਤੀ, ਰਾਜਵਿੰਦਰ ਸਿੰਘ, ਸੰਜੀਤ ਸਿੰਘ ਸਨੀ ਗਿੱਲ, ਸੁਖੱਰਪ੍ਰੀਤ ਸਿੰਘ ਰੋਡੇ ਤੇ ਬਾਲਕ੍ਰਿਸ਼ਨ ਬਾਲੀ ਨੇ ਵੀ ਸੰਬੋਧਨ ਕੀਤਾ।
;
;
;
;
;
;
;
;
;