ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਚੁੱਕਣ ਵਾਲੀ ਅਕਾਲੀ ਦਲ ਇਕੋ-ਇਕ ਪਾਰਟੀ- ਸੁਖਬੀਰ ਸਿੰਘ ਬਾਦਲ
ਮੋਗਾ, 12 ਮਾਰਚ- ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾਪੁਰਾਣਾ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ “ਪੰਜਾਬ ਬਚਾਓ ਰੈਲੀ” ਕਰਵਾਈ ਗਈ। 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਸਿਆਸੀ ਪਾਰਟੀਆਂ ਵਲੋਂ ਆਪਣਾ ਅਧਾਰ ਮਜ਼ਬੂਤ ਕਰਨ ਲਈ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਕੜੀ ਹੇਠ ਅੱਜ ਇਹ ਵਿਸ਼ਾਲ ਰੈਲੀ ਕਰਵਾਈ ਗਈ। ਇਸ ਰੈਲੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਜ਼ਿਲ੍ਹੇ ਦੀ ਪੂਰੀ ਸੀਨੀਅਰ ਲੀਡਰਸ਼ਿਪ ਅਤੇ ਵੱਡੀ ਗਿਣਤੀ ਪਾਰਟੀ ਵਰਕਰ ਤੇ ਸਮਰਥਕ ਮੌਜੂਦ ਰਹੇ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ “ਪੰਜਾਬ ਬਚਾਓ ਮੁਹਿੰਮ” ਤਹਿਤ ਇਹ 13ਵੀਂ ਰੈਲੀ ਹੈ ਅਤੇ ਬਾਘਾਪੁਰਾਣਾ ’ਚ ਵੱਡੀ ਗਿਣਤੀ ਵਰਕਰ ਤੇ ਸਮਰਥਕ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੋਗਾ ’ਚ ਪਹਿਲਾਂ ਝਾੜੂ ਵਾਲਿਆਂ ਦੀ ਰੈਲੀ ਹੋਈ ਸੀ ਅਤੇ ਹੁਣ ਭਾਜਪਾ ਵੀ ਰੈਲੀ ਕਰਨ ਜਾ ਰਹੀ ਹੈ, ਪਰ ਅਕਾਲੀ ਦਲ ਦੀ ਰੈਲੀ ’ਚ ਵਰਕਰਾਂ ਦੀ ਭਾਰੀ ਹਾਜ਼ਰੀ ਨਜ਼ਰ ਆ ਰਹੀ ਹੈ। ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਚੁੱਕਣ ਵਾਲੀ ਅਕਾਲੀ ਦਲ ਇਕੋ-ਇਕ ਪਾਰਟੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕਰੀਬ 10 ਸਾਲਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਸਮੇਂ ਕਾਨੂੰਨ-ਵਿਵਸਥਾ ਦੀ ਸਥਿਤੀ ਕਮਜ਼ੋਰ ਹੋ ਗਈ ਹੈ ਅਤੇ ਸੂਬੇ ਵਿੱਚ ਫਿਰੌਤੀ, ਕਤਲਾਂ ਅਤੇ ਗੈਂਗਸਟਰ ਗਤੀਵਿਧੀਆਂ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਚਾਰ ਸਾਲਾਂ ਤੱਕ ਪੂਰਾ ਨਹੀਂ ਕੀਤਾ ਗਿਆ, ਪਰ ਹੁਣ ਚੋਣਾਂ ਨੇੜੇ ਆਉਂਦਿਆਂ ਇਹ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਅਜਿਹੀ ਪਾਰਟੀ ਹੈ ਜੋ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਉਠਾਉਂਦੀ ਆਈ ਹੈ। ਉਨ੍ਹਾਂ ਕਿਹਾ ਕਿ ਅੱਜ ਰੈਲੀ ’ਚ ਲੋਕਾਂ ਦੀ ਵੱਡੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਹੁਣ ਕਿਸੇ ਦੇ ਭਰਮਾਵੇ ’ਚ ਆਉਣ ਵਾਲੇ ਨਹੀਂ ਹਨ। ਮਜੀਠੀਆ ਨੇ ਕਿਹਾ ਕਿ ਹਾਲ ਹੀ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ’ਚ ਬਾਘਾਪੁਰਾਣਾ ਹਲਕੇ ਦੇ ਲੋਕਾਂ ਨੇ ਝਾੜੂ ਵਾਲਿਆਂ ਨੂੰ ਜਵਾਬ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੱਸ ਦਿਨਾਂ ਤੋਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਚੱਲ ਰਿਹਾ ਹੈ ਜੋ ਲੋਕਾਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਮੌਜੂਦਾ ਸਰਕਾਰ ਦੇ ਵਿਧਾਇਕ ਬਿਆਨਬਾਜ਼ੀ ਕਰਕੇ ਇਸ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਲੋਕਾਂ ਦਾ ਧਿਆਨ ਅਸਲ ਮਸਲਿਆਂ ਤੋਂ ਹਟਾਇਆ ਜਾ ਸਕੇ।
;
;
;
;
;
;
;
;
;