ਮੁਹਾਲੀ ’ਚ ਹਾਈਕੋਰਟ ਦੇ ਸਾਬਕਾ ਐਡਵੋਕੇਟ ਜਨਰਲ ਦੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ
ਐੱਸ. ਏ. ਐੱਸ. ਨਗਰ, 30 ਦਸੰਬਰ (ਕਪਿਲ ਵਧਵਾ)– ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ। ਇਹ ਦੁਖਦਾਈ ਘਟਨਾ ਫੇਜ਼-5 ’ਚ ਸਥਿਤ ਉਨ੍ਹਾਂ ਦੇ ਨਿਵਾਸ ’ਤੇ ਵਾਪਰੀ, ਜਿਥੇ ਕਿ ਡੈੱਬਟ ਰਿਕਵਰੀ ਟ੍ਰਿਬਿਊਨਲ ਦੇ ਵਕੀਲ ਗੋਇਲ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ ਅਤੇ ਪਹਿਲੀ ਮੰਜਿਲ ’ਤੇ ਉਨ੍ਹਾਂ ਦਾ ਦਫ਼ਤਰ ਬਣਿਆ ਹੋਇਆ ਹੈ।
ਸਵੇਰੇ ਘਰ ਦਾ ਕੰਮ ਕਰਨ ਵਾਲੀ ਮਹਿਲਾ ਜਦੋਂ ਕੰਮ ਲਈ ਕੋਠੀ ’ਚ ਦਾਖ਼ਲ ਹੋਈ ਤਾਂ ਉਸਨੇ ਅੰਦਰ ਅਸ਼ੋਕ ਗੋਇਲ ਦੀ ਲਾਸ਼ ਨੂੰ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਦੌਰਾਨ ਘਰ ਦਾ ਨੌਕਰ ਕੁਰਸੀ ਨਾਲ ਬੰਨ੍ਹਿਆ ਹੋਇਆ ਮਿਲਿਆ। ਸੂਚਨਾ ਤੋਂ ਬਾਅਦ ਐਸ.ਪੀ. ਸਿਟੀ ਦਿਲਪ੍ਰੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ।
ਪੁਲਿਸ ਅਨੁਸਾਰ ਘਰ ਵਿਚ ਲੁੱਟ ਖੋਹ ਕੀਤੀ ਗਈ ਅਤੇ ਗਹਿਣੇ ਤੇ ਨਕਦੀ ਲੈ ਜਾਏ ਗਏ। ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਫ਼ੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਸੀ.ਸੀ.ਟੀ.ਵੀ. ਫੁਟੇਜ ਖੰਘਾਲੀ ਜਾ ਰਹੀ ਹੈ।
ਜਾਂਚ ਦੌਰਾਨ ਇਹ ਬਿੰਦੂ ਵੀ ਮੁੱਦੇ ਵਾਂਗ ਉੱਠਿਆ ਕਿ ਜੇਕਰ ਲੁਟੇਰਿਆਂ ਨੇ ਬੁਜ਼ੁਰਗ ਮਹਿਲਾ ਦੀ ਹੱਤਿਆ ਕੀਤੀ ਤਾਂ ਜਵਾਨ ਨੌਕਰ ਨੂੰ ਜ਼ਿੰਦਾ ਕਿਉਂ ਛੱਡਿਆ ਗਿਆ? ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਨੌਕਰ ਨੂੰ ਕਾਬੂ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਹਿਰਾਸਤ ਵਿਚ ਲਿਆ ਨੌਕਰ ਨੀਰਜ (25) ਪਿਛਲੇ ਲਗਭਗ 9 ਸਾਲ ਤੋਂ ਗੋਇਲ ਪਰਿਵਾਰ ਨਾਲ ਕੰਮ ਕਰ ਰਿਹਾ ਸੀ।ਦੂਜੇ ਪਾਸੇ, ਘਟਨਾ ਸਮੇਂ ਕ੍ਰਿਸ਼ਨ ਕੁਮਾਰ ਗੋਇਲ ਮਸਕਟ ਵਿਚ ਆਪਣੀ ਧੀ ਕੋਲ ਗਏ ਹੋਏ ਸਨ।
ਪੁਲਿਸ ਕੇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ, ਹਾਲਾਂਕਿ ਹੱਤਿਆ ਤੇ ਲੁੱਟ ਦੀ ਪੂਰੀ ਸਾਜ਼ਿਸ਼ ਬਾਰੇ ਪਰਦਾਫ਼ਸ਼ ਹੋਣਾ ਬਾਕੀ ਹੈ।
;
;
;
;
;
;
;
;