ਐਚ.ਐਮ.ਈ.ਐਲ. ਵਲੋਂ ਗੁਰੂ ਗੋਬਿੰਦ ਸਿੰਘ ਰਿਫਾਈਨਰੀ, ਬਠਿੰਡਾ ਵਿਚ ਕੀਤਾ ਜਾਵੇਗਾ ₹2,600 ਕਰੋੜ ਦਾ ਨਵਾਂ ਨਿਵੇਸ਼
ਰਾਮਾ ਮੰਡੀ, (ਬਠਿੰਡਾ), 23 ਦਸੰਬਰ (ਗੁਰਪ੍ਰੀਤ ਸਿੰਘ ਅਰੋੜਾ)- ਐਚ.ਪੀ.ਸੀ.ਐਲ. ਮਿੱਤਲ ਐਨਰਜੀ ਲਿਮਿਟੇਡ (ਐਚਐਮਈਐਲ) ਦੁਆਰਾ ਸੰਚਾਲਿਤ ਗੁਰੂ ਗੋਬਿੰਦ ਸਿੰਘ ਰਿਫਾਈਨਰੀ, ਬਠਿੰਡਾ ਵਿਚ ₹2,600 ਕਰੋੜ ਦਾ ਨਵਾਂ ਨਿਵੇਸ਼ ਕੀਤਾ ਜਾਵੇਗਾ। ਇਸ ਨਿਵੇਸ਼ ਦੇ ਤਹਿਤ ਪਾਲੀਪ੍ਰੋਪਾਈਲੀਨ ਡਾਊਨਸਟ੍ਰੀਮ ਉਦਯੋਗ ਸਥਾਪਿਤ ਕੀਤੇ ਜਾਣਗੇ ਅਤੇ ਫਾਈਨ ਕੈਮੀਕਲ ਨਾਲ ਸੰਬੰਧਿਤ ਨਵੇਂ ਪ੍ਰੋਜੈਕਟ ਲਗਾਏ ਜਾਣਗੇ। ਇਸ ਦੀ ਘੋਸ਼ਣਾ ਐਚ.ਐਮ.ਈ.ਐਲ. ਦੇ ਐਮ.ਡੀ. ਅਤੇ ਸੀ.ਈ.ਓ. ਪ੍ਰਭਦਾਸ ਅਤੇ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਪਾਰ ਮੰਤਰੀ ਸੰਜੀਵ ਅਰੋੜਾ ਵਲੋਂ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਕੀਤੀ ਗਈ।
ਇਸ ਮੌਕੇ ਪ੍ਰਭਦਾਸ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਕਾਰਨ ਪੰਜਾਬ ਦੇਸ਼ ਵਿਚ ਪਾਲੀਪ੍ਰੋਪਾਈਲੀਨ ਉਤਪਾਦਨ ਦਾ ਇਕ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਕੁੱਲ ਪਾਲੀਪ੍ਰੋਪਾਈਲੀਨ ਮੰਗ ਦਾ ਲਗਭਗ 14 ਪ੍ਰਤੀਸ਼ਤ ਹਿੱਸਾ ਇਸ ਰਿਫਾਈਨਰੀ ਤੋਂ ਪੂਰਾ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੇ ਕਈ ਸਾਲਾਂ ਤੋਂ ਰਿਫਾਈਨਰੀ ਦਾ ਸੰਚਾਲਨ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਜਾਰੀ ਹੈ।ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਸਿਰਫ਼ ਪੈਟਰੋਲ, ਡੀਜ਼ਲ ਅਤੇ ਗੈਸ ਹੀ ਨਹੀਂ, ਬਲਕਿ ਹੁਣ ਫਾਈਨ ਕੈਮੀਕਲ ਪ੍ਰੋਜੈਕਟਾਂ ਰਾਹੀਂ ਉਦਯੋਗਿਕ ਗਤੀਵਿਧੀਆਂ ਨੂੰ ਹੋਰ ਵਧਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ 2011 ਵਿਚ ਸਥਾਪਿਤ ਇਹ ਰਿਫਾਈਨਰੀ ਲਗਭਗ 2,000 ਏਕੜ ਵਿਚ ਫੈਲੀ ਹੋਈ ਹੈ ਅਤੇ ਸਾਲਾਨਾ ਕਰੀਬ ₹90,000 ਕਰੋੜ ਦਾ ਵਪਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਰਿਫਾਈਨਰੀ ਰਾਜ ਸਰਕਾਰ ਨੂੰ ਹਰ ਸਾਲ ਲਗਭਗ ₹2,100 ਕਰੋੜ ਟੈਕਸ ਦੇ ਰੂਪ ਵਿਚ ਯੋਗਦਾਨ ਪਾਉਂਦੀ ਹੈ।ਉਨ੍ਹਾਂ ਦੱਸਿਆ ਕਿ ₹2,600 ਕਰੋੜ ਦੇ ਇਸ ਨਵੇਂ ਨਿਵੇਸ਼ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਸਮੇਂ ਰਿਫਾਈਨਰੀ ਸਿੱਧੇ ਅਤੇ ਅਸਿੱਧੇ ਤੌਰ ’ਤੇ ਲਗਭਗ 10,000 ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਦੇ ਕੁੱਲ ਪੈਟਰੋਲ-ਡੀਜ਼ਲ ਉਤਪਾਦਨ ਵਿਚ ਬਠਿੰਡਾ ਰਿਫਾਈਨਰੀ ਦਾ ਯੋਗਦਾਨ 5 ਤੋਂ 6 ਪ੍ਰਤੀਸ਼ਤ ਹੈ।
ਪਲਾਸਟਿਕ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਲੁਧਿਆਣਾ ਨੇੜੇ ਇਕ ਵਿਸ਼ੇਸ਼ ਪਲਾਸਟਿਕ ਇੰਡਸਟਰੀਅਲ ਪਾਰਕ ਵਿਕਸਿਤ ਕਰਨ ‘ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ ਰਾਜ ਦੇ ਮੌਜੂਦਾ ਪਲਾਸਟਿਕ ਉਦਯੋਗ ਨੂੰ ਹੋਰ ਮਜ਼ਬੂਤੀ ਮਿਲੇਗੀ। ਕੈਬਨਿਟ ਮੰਤਰੀ ਨੇ ਐਚ.ਐਮ.ਈ.ਐਲ. ਨੂੰ ਭਰੋਸਾ ਦਿੱਤਾ ਕਿ ਵਿਸਥਾਰ ਲਈ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਸਮੇਂ-ਸਿਰ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਨਿਵੇਸ਼ ਸਿਰਫ਼ ਬਠਿੰਡਾ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਪੂਰੇ ਪੰਜਾਬ ਵਿਚ ਰਿਫਾਈਨਰੀ ਅਤੇ ਸੰਬੰਧਤ ਉਦਯੋਗਾਂ ਦੇ ਵਿਸਥਾਰ ਨੂੰ ਗਤੀ ਦੇਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨਵੀਂਕਰਨਯੋਗ ਊਰਜਾ ਦੇ ਖੇਤਰ ਵਿਚ ਤੇਜ਼ੀ ਨਾਲ ਕੰਮ ਕਰ ਰਹੀ ਹੈ, ਜਿਸ ਨਾਲ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਹੋਰ ਮਜ਼ਬੂਤੀ ਮਿਲੇਗੀ।
;
;
;
;
;
;
;
;