ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਚੱਲੀ ਗੋਲੀ 'ਚ ਨੌਜਵਾਨ ਜ਼ਖ਼ਮੀ
ਜਲੰਧਰ, 13 ਦਸੰਬਰ (ਐੱਮ. ਐੱਸ. ਲੋਹੀਆ) - ਪੱਛਮੀ ਹਲਕੇ ਦੇ ਥਾਣਾ ਭਾਰਗੋ ਕੈਂਪ ਅਧੀਨ ਪੈਂਦੇ ਅਮਨ ਨਗਰ, ਘਾਹ ਮੰਡੀ ਇਲਾਕੇ ’ਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇਕ ਧਿਰ ਵਲੋਂ ਦੂਸਰੀ ਧਿਰ ’ਤੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਇੱਟਾਂ ਮਾਰੀਆਂ ਅਤੇ ਫਿਰ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ।। ਜ਼ਖ਼ਮੀ ਹੋਏ ਫਾਇਨਾਂਸ ਦਾ ਕਾਰੋਬਾਰ ਕਰਨ ਵਾਲੇ ਮੀਤ (28) ਨੇ ਦੱਸਿਆ ਉਸ ਨੇ ਘਰ ਦੇ ਬਾਹਰ ਆਪਣੀ ਥਾਰ ਗੱਡੀ ਖੜ੍ਹੀ ਕੀਤੀ ਹੋਈ ਸੀ। ਇਸ ਦੌਰਾਨ ਗੁਆਂਢ ’ਚ ਰਹਿੰਦੇ ਇਕ ਵਿਅਕਤੀ ਨੇ ਉਸ ਨੂੰ ਗੱਡੀ ਹਟਾਉਣ ਲਈ ਕਿਹਾ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਵਿਵਾਦ ਹੋ ਗਿਆ। ਵਿਵਾਦ ਦੌਰਾਨ ਵਿਰੋਧੀ ਧਿਰ ਦੇ ਵਿਅਕਤੀ ਨੇ ਆਪਣੇ 3-4 ਸਮਰਥਕਾਂ ਦੇ ਨਾਲ ਉਸ ਦੇ ਘਰ ਅਤੇ ਥਾਰ ਗੱਡੀ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਆਪਣੇ ਹੱਥਾਂ ’ਚ ਤੇਜ਼ਧਾਰ ਹਥਿਆਰ ਲੈ ਕੇ ਉਸ ਦੇ ਘਰ ਵੱਲ ਨੂੰ ਆਏ, ਜਦੋਂ ਉਹ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਲਾਕੇ ਦੇ ਲੋਕਾਂ ਅਨੁਸਾਰ ਹਮਲਾਵਰਾਂ ਨੇ 8 ਤੋਂ ਵੱਧ ਗੋਲੀਆਂ ਚਲਾਈਆਂ, ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ ’ਤੇ ਪਹੁੰਚੇ ਥਾਣਾ ਮੁਖੀ ਮੋਹਨ ਲਾਲ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੀੜਤ ਨੌਜਵਾਨ ਨੂੰ ਆਪਣੀ ਸਰਕਾਰੀ ਗੱਡੀ ’ਚ ਹਸਪਤਾਲ ਪਹੁੰਚਾਇਆ ਗਿਆ।
;
;
;
;
;
;
;
;