ਦਰਿਆ ਬਿਆਸ 'ਚ ਪਾਣੀ ਦੇ ਵਧ ਰਹੇ ਪੱਧਰ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਕੁਝ ਪਿੰਡਾਂ 'ਚ ਅਨਾਉਂਸਮੈਂਟ ਕਰਵਾਈ

ਕਪੂਰਥਲਾ, 24 ਅਗਸਤ (ਅਮਰਜੀਤ ਕੋਮਲ)-ਦਰਿਆ ਬਿਆਸ ਵਿਚ ਪਾਣੀ ਦੇ ਲਗਾਤਾਰ ਵਧ ਰਹੇ ਪੱਧਰ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵਲੋਂ ਕਪੂਰਥਲਾ ਸਬ ਡਵੀਜ਼ਨ ਦੇ ਧੁੱਸੀ ਬੰਨ੍ਹ ਦੇ ਨਾਲ ਪੈਂਦੇ ਪਿੰਡਾਂ ਵਿਚ ਅਨਾਉਂਸਮੈਂਟ ਕਰਵਾਈ ਗਈ ਹੈ ਕਿ ਉਹ ਦਰਿਆ ਬਿਆਸ ਵਾਲੇ ਪਾਸੇ ਬਿਲਕੁਲ ਨਾ ਜਾਣ | ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਸ਼ਪਾਲ ਸਿੰਘ ਫਜਲਾਬਾਦ ਤੇ ਕਿਸਾਨ ਆਗੂ ਤਰਸੇਮ ਸਿੰਘ ਨੇ ਦੱਸਿਆ ਕਿ ਦਰਿਆ ਬਿਆਸ ਵਿਚ ਸ਼ਾਮ ਤੱਕ ਲਗਭਗ 4 ਫੁੱਟ ਪਾਣੀ ਦਾ ਪੱਧਰ ਵਧਿਆ ਹੈ ਤੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ | ਕਿਸਾਨ ਆਗੂਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਇਸ ਨਾਲ ਧੁੱਸੀ ਬੰਨ੍ਹ ਦੀਆਂ ਕਮਜ਼ੋਰ ਥਾਵਾਂ ਨੂੰ ਖ਼ਤਰਾ ਵੀ ਪੈਦਾ ਹੋ ਸਕਦਾ ਹੈ |