ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਰੰਜਿਸ਼ ਨੂੰ ਲੈ ਕੇ ਹੋਈ ਖ਼ੂਨੀ ਝੜਪ 'ਚ ਗੋਲੀਆਂ ਚਲਾਉਣ ਦੇ ਲਗਾਏ ਦੋਸ਼ , 4 ਵਿਅਕਤੀ ਗੰਭੀਰ ਜ਼ਖ਼ਮੀ

ਚੋਗਾਵਾਂ/ਅੰਮਿ੍ਤਸਰ, 24 ਅਗਸਤ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਭਿੰਡੀਸੈਦਾਂ ਅਧੀਨ ਆਉਂਦੇ ਪਿੰਡ ਭੱਗੂਪੁਰ ਬੇਟ ਵਿਖੇ ਰੰਜਿਸ਼ ਨੂੰ ਲੈ ਕੇ ਹੋਈ ਖ਼ੂਨੀ ਝੜਪ ਵਿਚ ਗੋਲੀਆਂ ਚਲਾਉਣ ਦੇ ਦੋਸ਼ ਲੱਗੇ ਹਨ। ਜਿਸ ਵਿਚ 4 ਵਿਅਕਤੀ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ । ਇਸ ਸੰਬੰਧੀ ਦੋਸ਼ ਲਗਾਉਂਦਿਆਂ ਭੱਗਪੁਰ ਬੇਟ ਦੇ ਮੈਂਬਰ ਲਾਹੌਰਾ ਸਿੰਘ ਨੇ ਦੱਸਿਆ ਕਿ ਚੰਦ ਸਿੰਘ ਟਰਾਂਸਫਾਰਮ ਲਾਗੇ ਖਲੋ ਕੇ ਆਉਂਦੇ ਜਾਂਦੇ ਲੋਕਾਂ ਨੂੰ ਮਾੜਾ ਚੰਗਾ ਬੋਲਦਾ ਸੀ। ਇਸ ਸੰਬੰਧੀ ਅਸੀਂ ਮੁਹਤਬਰ ਹੋਣ ਦੇ ਨਾਤੇ ਹੋਰਨਾਂ ਨੂੰ ਨਾਲ ਲੈ ਕੇ ਚੰਦ ਸਿੰਘ ਦੇ ਘਰ ਗਏ ਸੀ । ਇਸੇ ਰੰਜਿਸ਼ ਨੂੰ ਲੈ ਕੇ ਚੰਦ ਸਿੰਘ ਤੇ ਨਾਲ 25/30 ਵਿਅਕਤੀਆਂ ਨੇ ਸਾਡੇ ਘਰਾਂ 'ਤੇ ਹਮਲਾ ਕਰਕੇ ਤਰਸੇਮ ਸਿੰਘ ਨੂੰ ਸੱਟਾਂ ਲਗਾ ਦਿੱਤੀਆਂ। ਇਸ ਸਬੰਧੀ ਅਸੀਂ ਪੁਲਿਸ ਥਾਣਾ ਭਿੰਡੀਸੈਦਾਂ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।
ਦੂਜੀ ਧਿਰ ਦੇ ਸਿਮਰੋ ਤੇ ਹੋਰਨਾਂ ਨੇ ਉਕਤ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਿਸੇ ਨੇ ਕੋਈ ਗੋਲੀ ਨਹੀਂ ਚਲਾਈ। ਅਸੀਂ ਮਿਹਨਤ ਮਜ਼ਦੂਰੀ ਕਰਦੇ ਹਾਂ।ਲਾਹੌਰਾ ਸਿੰਘ ਨੇ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਜਸਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਦੇ ਘਰਾਂ 'ਤੇ ਹਮਲਾ ਕਰਕੇ ਗੇਟ, ਮੋਟਰਸਾਈਕਲ, ਬੂਹੇ, ਬਾਰੀਆਂ ਦੀ ਭੰਨਤੋੜ ਕੀਤੀ। ਰਣਜੋਧ ਸਿੰਘ, ਕੌਡੀ, ਸ਼ਿੰਦਾ ਸਿੰਘ ਤੇ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਥਾਣਾ ਭਿੰਡੀ ਸੈਦਾਂ ਦੇ ਮੁਖੀ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਤਸਦੀਕ ਹੋ ਰਹੀ ਹੈ। ਜੋ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। ਪਿਸਤੌਲ ਵਾਲੇ ਦੇ ਪਰਿਵਾਰਿਕ ਮੈਂਬਰ ਫੜ ਲਏ ਗਏ ਹਨ। ਪਿਸਤੌਲ ਤੇ ਉਕਤ ਵਿਅਕਤੀ ਵੀ ਕਾਬੂ ਕਰ ਲਿਆ ਜਾਵੇਗਾ। ਗੋਲੀ ਚੱਲਣ ਦੀ ਅਜੇ ਪੁਸ਼ਟੀ ਨਹੀਂ ਹੋਈ।