ਬਿਆਸ ਦਰਿਆ ਵਿਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਮੁੱਖ ਰੱਖਦਿਆਂ ਮੰਡ ਖੇਤਰ ਦੇ ਲੋਕ ਇਹਤਿਆਤ ਵਰਤਣ-ਅਮਿਤ ਕੁਮਾਰ ਪੰਚਾਲ
ਕਪੂਰਥਲਾ, 24 ਅਗਸਤ (ਅਮਰਜੀਤ ਕੋਮਲ)-ਪਹਾੜੀ ਖੇਤਰਾਂ ਵਿਚ ਪੈ ਰਹੇ ਭਾਰੀ ਮੀਂਹ ਨੂੰ ਮੁੱਖ ਰੱਖਦਿਆਂ ਦਰਿਆ ਬਿਆਸ ਦੇ ਮੰਡ ਖੇਤਰ ਵਿਚ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਮੰਡ ਖੇਤਰ ਦੇ ਲੋਕ ਇਹਤਿਆਤ ਵਰਤਣ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਦਰਿਆ ਬਿਆਸ ਵਿਚ ਵੱਧ ਰਹੇ ਪਾਣੀ ਦੀ ਪੱਧਰ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਕਿਸੇ ਵੀ ਤਰ੍ਹਾਂ ਦੇ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਲਈ ਐਸ.ਡੀ.ਆਰ.ਐਫ. ਦੀਆਂ ਟੀਮਾਂ ਤੋਂ ਇਲਾਵਾ ਲੋਕਾਂ ਦੀ ਸਿਹਤ ਸੰਭਾਲ, ਪਸ਼ੂ ਧੰਨ ਤੋਂ ਇਲਾਵਾ ਹੋਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ |
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਮਰਜੈਂਸੀ ਹਾਲਤ ਵਿਚ ਲੋਕਾਂ ਲਈ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਲੱਖ ਵਰਿਆਂਹ ਦੇ ਸਰਕਾਰੀ ਸਕੂਲ ਤੇ ਢਿੱਲਵਾਂ ਦੇ ਮੰਡ ਖੇਤਰ ਦੇ ਲੋਕਾਂ ਲਈ ਪਿੰਡ ਮੰਡ ਕੂਕਾ ਵਿਚ ਰਾਹਤ ਕੇਂਦਰ ਬਣਾਇਆ ਗਿਆ ਹੈ ਤੇ ਇਨ੍ਹਾਂ ਮੰਡ ਖੇਤਰਾਂ ਵਿਚ ਪ੍ਰਭਾਵਿਤ ਲੋਕਾਂ ਦੀ ਰਿਹਾਇਸ਼, ਰਾਸ਼ਨ, ਦਵਾਈਆਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ 'ਤੇ ਯਕੀਨ ਨਾ ਕਰਨ, ਸਗੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਪੱਧਰੀ ਹੈਲਪ ਲਾਈਨ ਨੰਬਰ 01822-231990 ਤੇ ਸੁਲਤਾਨਪੁਰ ਲੋਧੀ ਦੇ ਹੈਲਪ ਲਾਈਨ ਨੰਬਰ 01828-222169 'ਤੇ ਸੰਪਰਕ ਕਰਨ |