ਬੇਸੁੱਧ ਹਾਲਤ 'ਚ ਮਿਲੇ ਨੌਜਵਾਨ ਦੀ ਇਲਾਜ ਦੌਰਾਨ ਮੌਤ, ਗੁਆਂਢੀ ’ਤੇ ਮਾਮਲਾ ਦਰਜ
ਭਵਾਨੀਗੜ੍ਹ, 17 ਮਈ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸ਼ਹਿਰ ਵਿਖੇ ਇਕ ਬੇਸੁੱਧ ਹਾਲਤ ਵਿਚ ਮਿਲੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ ’ਤੇ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਉਨ੍ਹਾਂ ਦੇ ਗੁਆਂਢੀ ਨੌਜਵਾਨ ’ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ-ਇੰਸਪੈਕਟਰ ਗੁਰਨਾਮ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਿਸ ਨੂੰ ਮ੍ਰਿਤਕ ਅਨਮੋਲ ਸਿੰਘ ਉਮਰ 22 ਸਾਲ ਦੇ ਪਿਤਾ ਤਰਸੇਮ ਸਿੰਘ ਵਾਸੀ ਬਖੋਪੀਰ ਰੋਡ ਨੇ ਲਿਖ਼ਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਪੁੱਤਰ ਅਨਮੋਲ ਸਿੰਘ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਬਾਜ਼ਾਰ ਜਾ ਰਿਹਾ ਹੈ ਪਰ ਜਦੋਂ ਦੇਰ ਸ਼ਾਮ ਤੱਕ ਉਹ ਘਰ ਵਾਪਿਸ ਨਾ ਆਇਆ ਤਾਂ ਉਨ੍ਹਾਂ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਪਰ ਉਹ ਨਾ ਮਿਲਿਆ। ਉਨ੍ਹਾਂ ਦੱਸਿਆ ਕਿ ਲੰਘੇ ਦਿਨੀਂ ਉਨ੍ਹਾਂ ਨੂੰ ਕਿਸੇ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਡੇਰਾ ਬਾਬਾ ਸਤਕੁਲਾ ਦੀ ਸਮਾਧ ਨੇੜੇ ਪਿਆ ਹੈ ਤਾਂ ਉਨ੍ਹਾਂ ਉਥੇ ਜਾ ਕੇ ਦੇਖ਼ਿਆ ਤਾਂ ਉਹ ਉਥੇ ਬੇਸੁੱਧ ਪਿਆ ਸੀ, ਜਿਸ ਦੇ ਸੱਟਾਂ ਵਗੈਰਾ ਲੱਗੀਆਂ ਹੋਈਆਂ ਸਨ। ਮ੍ਰਿਤਕ ਅਨਮੋਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਅਨਮੋਲ ਸਿੰਘ ਦੀ ਉਨ੍ਹਾਂ ਦੇ ਗੁਆਂਢੀ ਗਗਨਦੀਪ ਸਿੰਘ ਨਾਲ ਕਥਿਤ ਤੌਰ ’ਤੇ ਲੜਾਈ ਹੋਈ, ਜਿਸ ਨੇ ਕਥਿਤ ਤੌਰ ’ਤੇ ਇਹ ਸੱਟਾਂ ਮਾਰੀਆਂ ਹਨ।