ਅਸੀਂ ਭਾਰਤ-ਪਾਕਿ ਜੰਗ ਵਿਚ ਨਹੀਂ ਪਵਾਂਗੇ, ਇਹ ਸਾਡਾ ਕੰਮ ਨਹੀਂ- ਜੇ.ਡੀ. ਵੈਂਸ

ਵਾਸ਼ਿੰਗਟਨ, 9 ਮਈ- ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ, ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕਾ ਕਿਸੇ ਵੀ ਅਜਿਹੀ ਜੰਗ ਵਿਚ ਸ਼ਾਮਲ ਨਹੀਂ ਹੋਵੇਗਾ, ਜੋ ਮੂਲ ਰੂਪ ਵਿਚ ਸਾਡਾ ਕੰਮ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਭਾਰਤ ਅਤੇ ਪਾਕਿਸਤਾਨ ਨੂੰ ਕੰਟਰੋਲ ਨਹੀਂ ਕਰ ਸਕਦਾ, ਪਰ ਉਹ ਦੋਵਾਂ ਪ੍ਰਮਾਣੂ ਸ਼ਕਤੀਆਂ ਨੂੰ ਤਣਾਅ ਘਟਾਉਣ ਲਈ ਉਤਸ਼ਾਹਿਤ ਕਰ ਸਕਦਾ ਹੈ। ਵੈਂਸ ਨੇ ਅੱਗੇ ਕਿਹਾ ਕਿ ਅਮਰੀਕਾ ਭਾਰਤੀਆਂ ਅਤੇ ਪਾਕਿਸਤਾਨੀਆਂ ਨੂੰ ਹਥਿਆਰ ਰੱਖਣ ਲਈ ਨਹੀਂ ਕਹਿ ਸਕਦਾ। ਅਸੀਂ ਇਸ ਮਾਮਲੇ ਨੂੰ ਕੂਟਨੀਤਕ ਚੈਨਲਾਂ ਰਾਹੀਂ ਅੱਗੇ ਵਧਾਉਂਦੇ ਰਹਾਂਗੇ। ਹਾਲਾਂਕਿ, ਵੈਂਸ ਨੇ ਚਿੰਤਾ ਪ੍ਰਗਟ ਕੀਤੀ ਕਿ ਦੋਵਾਂ ਦੇਸ਼ਾਂ ਵਿਚਕਾਰ ਖੇਤਰੀ ਯੁੱਧ ਪ੍ਰਮਾਣੂ ਟਕਰਾਅ ਵਿਚ ਬਦਲ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਯਕੀਨੀ ਤੌਰ ’ਤੇ ਵਿਨਾਸ਼ਕਾਰੀ ਹੋਵੇਗਾ। ਹਾਲਾਂਕਿ, ਵੈਂਸ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਅਜਿਹਾ ਨਹੀਂ ਹੋਵੇਗਾ।