ਮਿਜ਼ਾਈਲ ਹਮਲੇ ਤੋਂ ਬਾਅਦ ਏਅਰ ਇੰਡੀਆ ਵੱਲੋਂ ਤਲ ਅਵੀਵ ਦੀਆਂ ਉਡਾਣਾਂ 6 ਮਈ ਤੱਕ ਮੁਅੱਤਲ

ਨਵੀਂ ਦਿੱਲੀ ,4 ਮਈ - ਕੌਮੀ ਰਾਜਧਾਨੀ ਤੋਂ ਤਲ ਅਵੀਵ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਅੱਜ ਅਬੂ ਧਾਬੀ ਵੱਲ ਮੋੜ ਦਿੱਤਾ ਗਿਆ ਕਿਉਂਕਿ ਇਜ਼ਰਾਈਲੀ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਮਿਜ਼ਾਈਲ ਹਮਲਾ ਹੋਇਆ। ਇਸ ਹਮਲੇ ਤੋਂ ਬਾਅਦ ਏਅਰ ਇੰਡੀਆ ਨੇ ਤਲ ਅਵੀਵ ਦੀਆਂ ਉਡਾਣਾਂ ਵੀ 6 ਮਈ ਤੱਕ ਮੁਅੱਤਲ ਕਰ ਦਿੱਤੀਆਂ ਹਨ। ਸੂਤਰਾਂ ਨੇ ਦੱਸਿਆ ਕਿ ਇਹ ਹਮਲਾ ਏਅਰ ਇੰਡੀਆ ਦੀ ਉਡਾਣ ਏਆਈ139, ਬੋਇੰਗ 787 ਜਹਾਜ਼ ਦੇ ਤਲ ਅਵੀਵ ਵਿਚ ਉਤਰਨ ਤੋਂ ਇਕ ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਹੋਇਆ। ਇਸ ਉਡਾਣ ਨੂੰ ਅੱਜ ਸਵੇਰੇ ਬੇਨ ਗੁਰੀਅਨ ਹਵਾਈ ਅੱਡੇ ’ਤੇ ਵਾਪਰੀ ਘਟਨਾ ਤੋਂ ਬਾਅਦ ਅਬੂ ਧਾਬੀ ਵੱਲ ਮੋੜ ਦਿੱਤਾ ਗਿਆ।