04-05-2025
ਸ਼ੀਸ਼ਿਆਂ ਦਾ ਸ਼ਹਿਰ
ਲੇਖਕ : ਅਜਾਇਬ ਕਮਲ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ ਜਲੰਧਰ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98729-91780
ਪਹਿਲੀ ਵਾਰ 1982 ਈ. ਵਿਚ ਪ੍ਰਕਾਸ਼ਿਤ ਹੋਏ, ਇਸ ਸੰਗ੍ਰਹਿ ਦਾ 2025 ਵਿਚ ਛਪਿਆ, ਇਹ ਦੂਜਾ ਸੰਸਕਰਣ ਹੈ, ਇਸ ਵਿਚ ਅਜਾਇਬ ਕਮਲ ਦੀਆਂ 71 ਗ਼ਜ਼ਲਾਂ ਸੰਕਲਿਤ ਹੋਈਆਂ ਹਨ। ਅਜਾਇਬ ਕਮਲ ਨੇ ਰਵਿੰਦਰ ਰਵੀ ਨਾਲ ਮਿਲ ਕੇ ਅਤੇ ਜਸਬੀਰ ਸਿੰਘ ਆਹਲੂਵਾਲੀਆ ਦੀ ਹੱਲਾਸ਼ੇਰੀ ਤੇ ਸੁਹਿਰਦਤਾ ਨਾਲ, ਪੰਜਾਬੀ ਵਿਚ ਪ੍ਰਯੋਗਵਾਦੀ ਸਾਹਿਤ ਦੇ ਅੰਦੋਲਨ ਦੀ ਆਧਾਰਸ਼ਿਲਾ ਰੱਖੀ ਸੀ। ਪਹਿਲਾਂ ਪਹਿਲਾਂ ਤਾਂ ਇਸ ਅੰਦੋਲਨ ਦਾ ਤਿੱਖਾ ਵਿਰੋਧ ਵੀ ਹੋਇਆ ਕਿਉਂਕਿ ਖੇਤੀ ਆਧਾਰਿਤ ਕਿੱਤੇ ਨਾਲ ਸੰਬੰਧਿਤ ਹੋਣ ਦੇ ਕਾਰਨ ਪੰਜਾਬੀਆਂ ਦੀ ਸੋਚ ਰਵਾਇਤੀ ਹੀ ਰਹੀ ਹੈ ਪਰ ਹੌਲੀ-ਹੌਲੀ ਇਹ ਅੰਦੋਲਨ ਕਾਫ਼ੀ ਲੋਕਪ੍ਰਿਯਾ ਵੀ ਸਿੱਧ ਹੋਇਆ। ਸੰਯੋਗ ਦੇਖੋ ਕਿ ਇਸ ਪ੍ਰਵਿਰਤੀ ਨੂੰ ਲੋਕਪ੍ਰਿਆ ਕਰਨ ਤੋਂ ਪਹਿਲਾਂ ਹੀ ਇਹ ਲੇਖਕ (ਸਮੇਤ ਮਹਿਰਮਯਾਰ) ਵਿਦੇਸ਼ਾਂ ਵਿਚ ਪ੍ਰਵਾਸ ਕਰ ਗਏ ਸਨ। ਜੀਵਨ ਦੇ ਆਖਰੀ ਪੜਾਅ ਵਿਚ ਉਹ ਇਧਰ ਪਰਤ ਵੀ ਆਇਆ ਸੀ ਪਰ ਛੇਤੀ ਹੀ ਅਜਾਇਬ ਕਮਲ ਸਾਥੋਂ ਵਿਛੜ ਗਿਆ। ਅਜਾਇਬ ਕਮਲ ਨੇ ਗ਼ਜ਼ਲ ਕਾਵਿ ਵਰਗੇ ਪਾਰੰਪਰਿਕ ਕਾਵਿ ਨੂੰ ਵੀ ਪ੍ਰਯੋਗਵਾਦੀ ਬਣਾ ਦਿੱਤਾ ਸੀ। ਇਕ ਗ਼ਜ਼ਲ ਦੇ ਕੁਝ ਅਸ਼ਆਰ ਦੇਖੋ, 'ਰਣ ਖੇਤਰ 'ਚ ਹੁੰਮ-ਹੁਮਾ ਕੇ ਆਏ ਨੇ, ਲੱਕੜ ਦੀ ਤਲਵਾਰ ਚਲਾ ਕੇ ਆਏ ਨੇ। ਇਹ ਕਾਗਜ਼ ਦਾ ਰੌਣ ਜਲਾ ਕੇ ਆਏ ਨੇ, ਅਵਤਾਰਾਂ ਦਾ ਚੋਲਾ ਪਾ ਕੇ ਆਏ ਨੇ। ਧੜ ਤੇ ਕਿੰਨੇ ਚਿਹਰੇ ਲਾ ਕੇ ਆਏ ਨੇ, ਦੇਖੋ ਕੈਸਾ ਸਵਾਂਗ ਬਣਾ ਕੇ ਆਏ ਨੇ। ਇਸ ਥਾਂ ਆ ਕੇ ਡੀਗਾਂ ਮਾਰਨ ਉਥੇ ਪਰ ਨੱਕ ਰਗੜਦੇ ਕਸਮਾਂ ਖਾ ਕੇ ਆਏ ਨੇ। (ਪੰਨਾ : 31, ਗ਼ਜ਼ਲ ਨੰ. 11)
ਲੇਖਕ ਨੇ 'ਸ਼ੀਸ਼ੇ' ਨੂੰ ਆਧੁਨਿਕ ਨਗਰ ਦਾ ਕੇਂਦਰੀ ਮੈਟਾਫਰ ਬਣਾ ਕੇ ਵਰਤਿਆ ਹੈ ਕਿਉਂਕਿ ਹਰ ਮਨੁੱਖ ਦੇ ਆਲੇ-ਦੁਆਲੇ ਸ਼ੀਸ਼ੇ ਦੀ ਇਕ ਦੀਵਾਰ ਉਸਰ ਆਈ ਹੈ, ਜਿਥੋਂ ਉਸ ਨੂੰ ਦੇਖਿਆ ਤਾਂ ਜਾ ਸਕਦਾ ਹੈ, ਉਸ ਨਾਲ ਘੁਲਿਆ-ਮਿਲਿਆ ਨਹੀਂ ਜਾ ਸਕਦਾ। ਹਰ ਮਨੁੱਖ, ਪੂੰਜੀਵਾਦ ਦੇ ਦਬਾਵਾਂ ਸਦਕਾ, ਇਕੱਲਾ, ਖੰਡਿਤ ਅਤੇ ਵਿਯੋਗਿਆ ਹੋਇਆ ਹੈ। ਇਸ ਸੰਗ੍ਰਹਿ ਵਿਚ ਆਧੁਨਿਕ ਵਿਅਕਤੀ ਦੀ ਇਸ ਛਬੀ ਦਾ ਬੜਾ ਸਟੀਕ ਅਭਿਵਿਅੰਜਨ ਹੋਇਆ ਹੈ, 'ਉਹ ਸਮਝੇ : ਮੈਂ ਖੁਸ਼ ਹੋ ਜਾਂ ਗਾ, ਸ਼ੀਸ਼ੇ ਦਾ ਇਹ ਘਰ ਲੈ ਕੇ, ਇਸ ਵਿਚ ਕਿੰਜ ਜੀਵਾਂਗਾ ਹਰ ਪਰ ਪੱਥਰਾਂ ਦਾ ਮੈਂ ਡਰ ਲੈ ਕੇ' ਉਹ ਜਾਣਨ, ਇਸ ਰਾਹੋਂ ਲੰਘ ਕੇ ਹੀ ਮੈਂ ਅੱਗੇ ਜਾਣਾ ਹੈ, ਇਸੇ ਲਈ ਹਨ ਲੋਕ ਖਲੋਤੇ ਹੱਥਾਂ ਵਿਚ ਪੱਥਰ ਲੈ ਕੇ। (ਪੰਨਾ 85) ਅਜਾਇਬ ਕਮਲ ਦੇ ਇਸ ਸੰਗ੍ਰਹਿ ਦੀ ਦੂਜੀ ਛਾਪ ਦਾ ਹਾਰਦਿਕ ਸਵਗਾਤ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 9876052136
ਅਰਸਤੂ
(ਜੀਵਨ ਅਤੇ ਦਰਸ਼ਨ)
ਮੂਲ ਲੇਖਕ : ਮੁਕੇਸ਼ ਕੁਮਾਰ
ਅਨੁਵਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98146-28027
ਹਥਲੀ ਪੁਸਤਕ ਦਾ ਅਨੁਵਾਦਕ ਬਹੁ-ਵਿਧਾਵਾਂ ਵਿਚ, ਤਕਰੀਬਨ ਤਿੰਨ ਦਰਜਨ ਪੁਸਤਕਾਂ ਪਾਠਕਾਂ ਦੇ ਸਨਮੁੱਖ ਕਰ ਚੁੱਕਾ ਹੈ। 15 ਦੇ ਕਰੀਬ ਪੁਸਤਕਾਂ ਸੰਸਾਰ ਦੇ ਉੱਚ ਕੋਟੀ ਦੇ ਲੇਖਕਾਂ ਦੀਆਂ ਉਸ ਨੇ ਸੁਖੈਨ ਭਾਸ਼ਾ ਸ਼ੈਲੀ-ਬੋਲੀ ਵਿਚ ਅਨੁਵਾਦ ਕੀਤੀਆਂ ਹਨ। ਉਸ ਦੇ ਗ਼ਜ਼ਲ ਤੇ ਲੇਖ ਸੰਗ੍ਰਹਿ ਵੀ ਪਾਠਕਾਂ ਵਲੋਂ ਸਲਾਹੇ ਜਾਂਦੇ ਹਨ। ਅਰਸਤੂ ਸੰਸਾਰ ਦਾ ਚਰਚਿਤ ਫਿਲਾਸਫ਼ਰ ਤੇ ਦਾਰਸ਼ਨਿਕ ਹੈ, ਜਿਸ ਨੂੰ ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਚੁੱਕਾ ਹੈ। ਅਨੁਵਾਦ ਕਰਤਾ ਵਲੋਂ ਇਹ ਵੀ ਮੰਨਿਆ ਗਿਆ ਹੈ ਕਿ ਐਥੇਨਜ਼ ਨੇ ਅਰਸਤੂ ਵਰਗਾ ਸ਼ਿਸ਼ (ਵਿਦਿਆਰਥੀ) ਅਤੇ ਪਲੈਟੋ ਵਰਗਾ ਗੁਰੂ (ਅਧਿਆਪਕ) ਪੈਦਾ ਨਹੀਂ ਕੀਤਾ। ਫਿਲਾਸਫ਼ਰ ਅਰਸਤੂ ਨੇ ਪਲੈਟੋ ਦੀ ਪ੍ਰਸਿੱਧ ਅਕਾਦਮੀ ਵਿਚ ਰਾਜਨੀਤੀ ਸ਼ਾਸਤਰ, ਨੀਤੀ ਸ਼ਾਸਤਰ, ਗਣਿਤ, ਜੀਵ-ਵਿਗਿਆਨ, ਮਨੋਵਿਗਿਆਨ, ਭੌਤਿਕ ਵਿਗਿਆਨ, ਇਤਿਹਾਸ ਅਤੇ ਤਰਕ ਸ਼ਾਸਤਰ ਆਦਿ ਵਿਸ਼ਿਆਂ 'ਤੇ ਲਗਨ ਅਤੇ ਸਿਰ ਸੁੱਟ ਕੇ ਹਰ ਵਿਸ਼ੇ 'ਤੇ ਗਹਿਰ ਗੰਭੀਰ ਅਧਿਐਨ ਕੀਤਾ। ਪਲੈਟੋ ਉਸ ਦੀ ਸਿੱਖਣ ਅਤੇ ਬਹਿਸ ਕਰਨ ਦੀ ਯੋਗਤਾ ਤੋਂ ਬਹੁਤ ਪ੍ਰਭਾਵਿਤ ਹੁੰਦਾ ਸੀ। ਇਸੇ ਅਕਾਡਮੀ ਵਿਚ ਅਰਸਤੂ ਅਧਿਆਪਕ ਤੇ ਲੇਖਕ ਵਜੋਂ ਕਾਰਜਸ਼ੀਲ ਰਹੇ। ਇਹ ਗੱਲ ਵੀ ਮੰਨੀ ਜਾਂਦੀ ਹੈ ਕਿ ਸਿਕੰਦਰ ਦੀ ਮੌਤ ਤੋਂ ਬਾਅਦ ਅਰਸਤੂ ਨੇ ਐਥੇਨਜ਼ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਸੀ, ਇਥੋਂ ਦੇ ਲੋਕ ਉਸ ਨੂੰ ਮੈਸੋਡੋਨੀਆ ਦਾ ਜਾਸੂਸ ਸਮਝਦੇ ਸਨ। ਇਸ ਦਾਰਸ਼ਨਿਕ ਨੂੰ ਸੁਕਰਾਤ ਦੀ ਤਰ੍ਹਾਂ ਐਥੇਨੇਜ਼ ਦਾ ਲੋਕਾਂ ਹੱਥੋਂ, ਉਸ ਨੂੰ ਮਾਰਿਆ ਜਾਣਾ ਪ੍ਰਵਾਨ ਨਹੀਂ ਸੀ। ਅਰਸਤੂ ਦਾ ਇਹ ਵਿਚਾਰ ਸੀ, ਜੋ ਉਸ ਨੇ ਐਥੇਨਜ਼ ਨੂੰ ਛੱਡਣ ਸਮੇਂ ਕਿਹਾ ਸੀ ਕਿ ਉਹ ਐਥੇਨਜ਼ ਦੇ ਨਿਵਾਸੀਆਂ ਨੂੰ ਦਰਸ਼ਨ-ਸ਼ਾਸਤਰ ਦੇ ਵਿਰੁੱਧ ਦੁਬਾਰਾ ਪਾਪ ਕਮਾਉਣ ਦਾ ਮੌਕਾ ਨਹੀਂ ਦੇਣਗੇ। ਜਿਹੜੀ ਮੌਤੇ ਉਥੋਂ ਦੇ ਨਿਵਾਸੀਆਂ ਸੁਕਰਾਤ ਵਰਗੀ ਮਹਾਨ ਹਸਤੀ ਨੂੰ ਮਾਰਿਆ ਸੀ। ਅਰਸਤੂ ਦਾ ਇਹ ਵੀ ਮੰਨਣਾ ਸੀ ਕਿ ਪਰਮਾਤਮਾ ਹੀ ਸਾਰੀ ਦੁਨੀਆ ਦਾ ਕਰਤਾ ਹੈ, ਉਹ ਆਪਣੇ ਹਿਸਾਬ ਨਾਲ ਵਿਸ਼ਵ ਨੂੰ ਚਲਾ ਰਿਹਾ ਹੈ। ਉਹ ਰਾਜਨੀਤੀ ਵਿਚ ਲੋਕਤੰਤਰਿਕ ਪ੍ਰਣਾਲੀ ਦਾ ਹਾਮੀ ਸੀ। ਅਨੁਵਾਦਕ ਨੇ ਇਸ ਪੁਸਤਕ ਨੂੰ ਗਿਆਰਾਂ ਭਾਗਾਂ ਵਿਚ ਵੰਡਿਆ ਹੈ। ਆਰੰਭ ਵਿਚ ਬਹੁ-ਪੱਖੀ ਪ੍ਰਤਿਭਾ ਦੇ ਧਨੀ ਅਰਸਤੂ, ਦੂਜੇ ਭਾਗ ਵਿਚ ਅਰਸਤੂ ਦੇ ਸਮੇਂ ਦੇ ਯੂਨਾਨੀ ਚਿੰਤਕ ਅਧੀਨ ਹੋਮਨਕਾਲੀਨ ਕਲਪਨਾਵਾਂ ਹੈਸੀਓਡ ਦਾ ਦੇਵ ਦ੍ਰਿਸ਼ਟੀ ਵਰਨਣ, ਆਰਫੀਅਸ ਦਾ ਸੰਗੀਤ, ਦਰਸ਼ਨ ਦੀ ਉਤਪਤੀ, ਭੌਤਿਕ ਦਰਸ਼ਨ, ਬੁੱਧੀਵਾਨਾਂ, ਪਾਇਥਾਗੋਰਸ, ਪਾਰਮੇਨਾਈਡੀਜ਼, ਐਨੇਕਾਜ਼ਾ ਗੋਰਸ, ਸੋਫਿਸਟ ਵਿਚਾਰਕ, ਸੁਕਰਾਤ, ਤਰਕਸ਼ੈਲੀ ਦਾ ਵਿਕਾਸ, ਨੈਤਿਕ ਚਿੰਤਨ ਦਾ ਵਿਕਾਸ, ਸੁਕਰਾਤ ਦਾ ਗਿਆਨ ਸਿਧਾਂਤ, ਸੁਕਰਾਤ ਦੇ ਧਾਰਮਿਕ ਵਿਚਾਰ, ਪਲੈਟੋ, ਪਲੈਟੋ ਦੇ ਗ੍ਰੰਥ, ਪਲੈਟੋ ਦਾ ਭੌਤਿਕ ਦਰਸ਼ਨ, ਪਲੈਟੋ ਦਾ ਗਿਆਨ ਸਿਧਾਂਤ, ਪਲੈਟੋ ਦਾ ਆਤਮ-ਵਿਗਿਆਨ, ਪਲੈਟੋ ਦਾ ਵਿਚਾਰਵਾਦ, ਪਲੈਟੋ ਦੇ ਨੈਤਿਕ ਵਿਚਾਰ, ਪਲੈਟੋ ਦੇ ਰਾਜਨੀਤੀ ਸੰਬੰਧੀ ਵਿਚਾਰ, ਪਲੈਟੋ ਦੇ ਕਲਾ ਅਤੇ ਸੁੰਦਰਤਾ ਸੰਬੰਧੀ ਵਿਚਾਰ ਇਸ ਤੋਂ ਅੱਗੇ ਤੀਜੇ, ਚੌਥੇ ਅਤੇ ਪੰਜਵੇਂ ਹਿੱਸੇ ਵਿਚ 'ਯੂਨਾਨੀ ਚਿੰਤਨਧਾਰਾ' ਵਿਚ ਅਰਸਤੂ ਦਾ ਮਹੱਤਵ, ਸ਼ਾਨਦਾਰ ਜੀਵਨ, ਅਰਸਤੂ ਦੀਆਂ ਰਚਨਾਵਾਂ, ਛੇਵੇਂ ਭਾਗ ਵਿਚ ਅਰਸਤੂ ਦੇ ਦਾਰਸ਼ਨਿਕ ਵਿਚਾਰ, ਸੱਤਵੇਂ ਹਿੱਸੇ ਵਿਚ ਗਿਆਨ ਮੀਮਾਂਸਾ ਦੇ ਅਧੀਨ, ਜਾਨਣਯੋਗ ਦੀ ਪਹਿਲ, ਗਿਆਨ ਦੇ ਵਿਭਾਗ, ਸਿਧਾਂਤਕ ਵਿਗਿਆਨ, ਗਣਿਤ ਦੀ ਅਣਦੇਖੀ, ਉਤਪਾਦਨ ਸੰਬੰਧੀ ਵਿਗਿਆਨ, ਕੁਦਰਤੀ ਅਤੇ ਕਲਾਤਮਿਕ ਉਤਪਾਦਨਾਂ ਵਿਚ ਅੰਤਰ, ਅਚਾਨਕ ਉਤਪਾਦਨਾਂ ਦੀ ਪ੍ਰਕਿਰਤੀ, ਵਿਹਾਰਕ ਗਿਆਨ ਦਾ ਸੁਭਾਅ, ਵਿਗਿਆਨ ਅਤੇ ਦਰਸ਼ਨ, ਵਿਗਿਆਨ ਦਾ ਵਿਕਾਸ, ਵਿਗਿਆਨ ਦਾ ਸੁਭਾਅ, ਵਿਗਿਆਨ ਦੇ ਵਿਭਾਗ, ਵਿਗਿਆਨ ਦੀਆਂ ਹੱਦਾਂ, ਵਿਗਿਆਨਕ ਅਧਿਐਨ ਦੀਆਂ ਵਿਧੀਆਂ, ਦਵੰਦਾਤਮਿਕ ਪ੍ਰਣਾਲੀ, ਆਗਮਨ ਨਿਗਮਨ, ਇਹ ਤੋਂ ਅੱਗੇ 'ਅਰਸੂਤ ਦਾ ਭੌਤਿਕ ਵਿਗਿਆਨ' ਅਧੀਨ ਵੱਖ-ਵੱਖ ਵਿਸ਼ਿਆਂ ਵਿਚ ਕੁਦਰਤ ਵਿਚ ਅਚਾਨਕਤਾ, ਅਸੀਮ ਦਾ ਅਰਥ, ਸਿਫਰ ਦਾ ਅਰਥ, ਸਮੇਂ ਦੀ ਵਿਆਖਿਆ, ਗਤੀ ਸੰਬੰਧੀ ਵਿਚਾਰ, ਗਤੀਸ਼ੀਲਤਾ ਦਾ ਸੁਭਾਅ, ਪਹਿਲੇ ਚਾਲਕ ਦਾ ਅਨੁਮਾਨ, ਪਹਿਲੇ ਚਾਲਕ ਦਾ ਸੁਭਾਅ, ਵਿਸ਼ਵ ਦੀ ਵੰਡ ਅਤੇ ਆਕਾਸ਼ ਦੀਆਂ ਘਟਨਾਵਾਂ ਨੂੰ ਵਿਚਾਰ ਅਧੀਨ ਰੱਖਿਆ ਗਿਆ ਹੈ। ਇਸ ਤੋਂ ਅੱਗੇ ਅਰਸਤੂ ਦੀ ਰਾਜਨੀਤੀ, ਐਥੇਨਜ਼ ਦਾ ਸੰਵਿਧਾਨ ਤੇ ਵਿਚਾਰ ਕੀਤਾ ਗਿਆ ਹੈ। ਪੁਸਤਕ ਦੇ ਅੰਤਿਮ ਹਿੱਸੇ ਵਿਚ ਮਹੱਤਵਪੂਰਨ ਤਰੀਕਾ ਅਤੇ ਸੰਦਰਭ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਸੂਝਵਾਨ ਅਨੁਵਾਦਕ ਤੇ ਸੁਖੈਨ ਭਾਸ਼ਾ ਸ਼ੈਲੀ ਵਿਚ ਮਹਾਨ ਦਾਰਸ਼ਨਿਕ ਅਰਸਤੂ ਦੇ ਜੀਵਨ ਤੇ ਚਿੰਤਕ ਤੇ ਬਹੁਮੁੱਲਾ ਕਾਰਜ ਸਾਂਭਣਯੋਗ ਕਾਰਜ ਕੀਤਾ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਮੇਰੇ ਅੰਦਰ ਮਨੁੱਖ ਹੋਣ ਦੀ ਖ਼ੁਸ਼ਬੋ ਹੈ
ਲੇਖਕ : ਲਿਪੀ ਦ ਮਹਾਂਦੇਵ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 108
ਸੰਪਰਕ: 97802-00264
ਲਿਪੀ ਦ ਮਹਾਂਦੇਵ ਦੀ ਹਥਲੀ ਪੁਸਤਕ ਵਿਲੱਖਣ ਕਿਸਮ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਉਨ੍ਹਾਂ ਦਾ ਲਿਖਣ ਦਾ ਅੰਦਾਜ਼ ਨਾ ਹੀ ਪਰੰਪਰਿਕ ਹੈ ਅਤੇ ਨਾ ਹੀ ਉਹ ਸਮਕਾਲੀ ਕਵੀਆਂ ਜਾਂ ਆਲੋਚਕਾਂ ਦੀ ਇੱਛਾ ਅਨੁਸਾਰ ਲਿਖਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕੋਲ ਸਾਜਿਸ਼ੀ ਢੰਗ ਨਾਲ ਖੇਰੂੰ-ਖੇਰੂੰ ਕਰ ਕੇ ਰੱਖੀ ਗ਼ੁਲਾਮ ਧਿਰ ਦਾ ਕੁੜੱਤਣ ਭਰਿਆ ਅਨੁਭਵ ਹੈ, ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਵਿਤਕਰੇ ਦਾ ਸੰਤਾਪ ਹੰਢਾਉਣਾ ਪਿਆ। ਇਹ ਧਿਰ ਹਮੇਸ਼ਾ ਹੀ ਦੂਜਿਆਂ ਦੇ ਰਾਜਭਾਗ ਲਈ ਲੜਦੀ ਰਹੀ ਅਤੇ ਲੜਦੀ ਆ ਰਹੀ ਹੈ। ਹਰੇਕ ਫ਼ਸਲ ਨੂੰ ਬੀਜਣ, ਵੱਢਣ ਅਤੇ ਸੰਭਾਲਣ ਦੀ ਸੂਖਮ ਸੂਝ-ਬੂਝ ਹੁੰਦਿਆਂ ਵੀ ਇਨ੍ਹਾਂ ਲੋਕਾਂ ਕੋਲ ਜ਼ਮੀਨ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਸੰਸਾਰ ਦੇ ਲੱਖਾਂ ਧਾਰਮਿਕ ਸਥਾਨਾਂ ਦੀ ਉਸਾਰੀ ਕਰਦਿਆਂ ਇਨ੍ਹਾਂ ਨੂੰ ਬੜੇ ਅਣਮਨੁੱਖੀ ਤਸੀਹਿਆਂ ਦਾ ਸਾਹਮਣਾ ਕਰਨਾ ਪਿਆ, ਪਰ ਇਤਿਹਾਸ ਦੇ ਪੰਨਿਆਂ 'ਤੇ ਇਨ੍ਹਾਂ ਦਾ ਜ਼ਿਕਰ ਨਹੀਂ ਹੈ।
ਉਹ ਲਿਖਦੇ ਹਨ ਕਿ ਬ੍ਰਹਿਮੰਡ ਦੇ ਅਨੇਕਾਂ ਪਿੰਡਾਂ ਵਿਚੋਂ ਇਕ ਨਿੱਕੀ ਜਿਹੀ ਧਰਤੀ ਦੇ ਇਸ ਬਾਸ਼ਿੰਦੇ ਕੋਲ ਮਾਣ ਕਰਨ ਲਈ ਕੱਚਾ ਰਾਹ ਹੁੰਦਾ ਹੈ, ਜਿੱਥੇ ਉਸ ਦੇ ਮਾਂ-ਬਾਪ, ਭੈਣ-ਭਰਾ ਕੀੜਿਆਂ-ਮਕੌੜਿਆਂ ਵਾਂਗ ਦਿਨ-ਰਾਤ ਕੰਮ ਕਰਦੇ ਮਰ-ਮੁੱਕ ਜਾਂਦੇ ਹਨ। ਜਿੱਥੇ ਕੰਮਾਂ ਤੋਂ ਕੱਖਾਂ ਦੀਆਂ ਪੰਡਾਂ ਸਿਰ 'ਤੇ ਰੱਖ ਕੇ ਘਰਾਂ ਨੂੰ ਪਰਤਦੀਆਂ ਔਰਤਾਂ ਆਪਣੇ ਬੱਚਿਆਂ ਨੂੰ ਸੜਕਾਂ ਜਾਂ ਗੁਹਾਰਿਆਂ ਵਿਚ ਹੀ ਜਨਮ ਦੇ ਦਿੰਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਹੱਥਾਂ ਨੂੰ ਦਾਤੀਆਂ ਬਣਾ ਲਿਆ ਜਾਵੇ, ਤਾਂ ਉਨ੍ਹਾਂ ਦੀ ਸਾਰੀ ਅੰਦਰੂਨੀ ਤਾਕਤ ਉਨ੍ਹਾਂ ਹੱਥਾਂ ਵਿਚ ਆ ਜਾਂਦੀ ਹੈ, ਜਿਨ੍ਹਾਂ ਲਈ ਕੁਝ ਵੀ ਕਰਨਾ ਅਸੰਭਵ ਨਹੀਂ ਹੁੰਦਾ। ਨਿਰਸੰਦੇਹ ਅਜਿਹੀ ਬੇਬਾਕ, ਨਿਧੜਕ ਅਤੇ ਕਲਿਆਣਕਾਰੀ ਸਾਹਿਤਕ ਸਿਰਜਣਾ ਲਈ ਉਹ ਵਧਾਈ ਦੇ ਹੱਕਦਾਰ ਹਨ:
ਮਿਹਨਤ ਦੀ ਇਕ ਧਰਤੀ ਹੁੰਦੀ
ਫਿਰ ਆਕਾਸ਼ ਸਾਰੇ ਦਾ ਸਾਰਾ
ਦ੍ਰਿੜ੍ਹਥਾ ਤੇ ਦ੍ਰਿੜ੍ਹਤਾ, ਬਸ ਦ੍ਰਿੜ੍ਹਤਾ
ਯਤਨ ਕਾਟੋਆਂ ਵਾਂਗ ਹੈ ਕਰਨਾ
ਸੱਪ ਦੇ ਮੂੰਹ 'ਚੋਂ ਕੱਢ ਲੈਂਦੀਆਂ
ਜੀਵਿਤ ਆਪਣਾ ਨਿਆਣਾ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਹਿਜ਼ਰ ਤੋਂ ਵਸਲ ਤੱਕ
ਲੇਖਕ : ਅੰਮ੍ਰਿਤ 'ਅਜ਼ੀਜ਼'
ਪ੍ਰਕਾਸ਼ਕ : ਸਾਹਿਤਯ ਕਲਸ਼ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 99153-38661
ਸ਼ਾਇਰ ਅੰਮ੍ਰਿਤ 'ਅਜ਼ੀਜ਼' ਦੇ ਹਥਲੇ ਕਾਵਿ-ਸੰਗ੍ਰਹਿ 'ਹਿਜ਼ਰ ਤੋਂ ਵਸਲ ਤੱਕ' ਤੋਂ ਪਹਿਲਾਂ ਵੀ ਦੋ ਕਾਵਿ-ਸੰਗ੍ਰਹਿਾਂ 'ਤੇਰੇ ਬਿਨਾਂ', 'ਤੇਰੇ ਨਾਲ' ਅਤੇ ਇਕ ਸਵੈ-ਜੀਵਨੀ 'ਬੇਬਾਕੀ ਦਾ ਸਫ਼ਰ' ਨਾਲ ਪੰਜਾਬੀ ਅਦਬ ਦੇ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰੀ ਲਗਾ ਚੁੱਕਿਆ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦਸੂਤਰ ਦੀ ਤੱਥ ਵੱਧ ਸਾਡੇ ਹੱਥ ਸਹਿਜੇ ਹੀ ਆ ਜਾਂਦੀ ਹੈ ਜਦੋਂ ਉਹ ਆਪਣੇ ਸਵੈ ਕਥਨ ਵਿਚ ਕਹਿੰਦਾ ਹੈ, 'ਜਿਹੜੇ ਕੁਝ ਵਾਕਿਆਹਾਂ ਨੂੰ ਮੈਂ ਆਪਣੀਆਂ ਗ਼ਜ਼ਲਾਂ, ਕਵਿਤਾਵਾਂ ਵਿਚ ਪਰੋਇਆ ਹੈ, ਜਿਨ੍ਹਾਂ ਦਾ ਸਹਾਰਾ ਲੈ ਕੇ ਮੌਜੂਦਾ ਸਮਿਆਂ ਨੂੰ ਸਮਝੌਤਾ ਪੱਖ ਅਧਾਰ ਬਣਾ ਕੇ ਸਿਰਜਿਆ ਹੈ, ਹਕੀਕਤ ਦੀ ਕਸੌਟੀ ਉਮਰ ਜਿਨ੍ਹਾਂ ਰਿਸ਼ਤਿਆਂ ਨੂੰ ਜੋੜਿਆ, ਪਰਖਿਆ ਉਹ ਇਕ ਪੱਥਰ ਅੰਦਰ ਛੁਪੀ ਮੂਰਤ ਸਮਝ ਪੂਜਣਾ ਵਿਅਰਥ ਲੱਗਿਆ। ਮੇਰੇ ਅੰਤਰੀਵ ਭਾਵ ਮੇਰੇ ਪੱਖ ਵਿਚ ਖੜ੍ਹੇ ਅਤੇ ਸਮਾਜਕ ਅੜਚਨਾਂ ਨੂੰ ਮੈਂ ਖੂਬ ਨਜਿੱਠਿਆ ਅਤੇ ਨਿਭਾਅ ਰਿਹਾ ਹਾਂ।' ਸੋ ਇਨ੍ਹਾਂ ਅਹਿਸਾਸਾਂ ਨੂੰ ਅੱਖਰੀ ਰੂਪ ਦੇਣ ਲਈ ਹਿਜਰ ਤੋਂ ਵਸਲ ਤੱਕ ਦੀ ਪੁਰਸਲਾਤ ਉਲੰਘਦਾ ਹੋਇਆ ਅੱਜ ਦੇ ਪਦਾਰਥੀ ਚਕਾਚੌਂਧ ਵਿਚ ਗ੍ਰਸੇ ਮਨੁੱਖ ਨੂੰ 'ਮਨੁ ਤੂ ਜੋਤਿ ਸਰੂਪ ਹੈ, ਆਪਣਾ ਮੂਲ ਪਛਾਣ' ਲਈ ਅਗਾਊਂ ਜਾਗਰੂਕ ਕਰ ਰਿਹਾ ਹੈ। ਵਾਈ. ਬੀ. ਯੀਟਸ ਆਖਦਾ ਹੈ ਕਿ 'ਜਦ ਤੁਸੀਂ ਕਿਸੇ ਹੋਰ ਨਾਲ ਲੜਦੇ ਝਗੜਦੇ ਹੋ ਤਾਂ ਕੁਝ ਵੀ ਹਾਸਿਲ ਨਹੀਂ ਹੁੰਦਾ ਪਰ ਜਦੋਂ ਤੁਸੀਂ ਆਪਣੇ-ਆਪ ਨਾਲ ਲੜਦੇ ਹੋ ਤਾਂ ਕਵਿਤਾ ਪੈਦਾ ਹੁੰਦੀ ਹੈ।' ਇਸੇ ਖਿਆਲ ਨੂੰ ਕਵਿਤਾਉਂਦਾ ਹੋਇਆ ਸ਼ਾਇਰ ਕਹਿੰਦਾ ਹੈ 'ਹੱਥਾਂ ਦੀਆਂ ਲਕੀਰਾਂ ਪੜ੍ਹ ਰਿਹਾ ਹਾਂ ਮੈਂ, ਗੁੱਸਾ ਹਰ ਇਕ ਨਾਲ ਕਰਦਾ, ਪਰ ਲੜ ਖ਼ੁਦ ਨਾਲ ਰਿਹਾ ਹਾਂ ਮੈਂ, ਹਾਸਿਲ ਕੁਝ ਵੀ ਨਹੀਂ ਹੋਇਆ, ਫਿਰ ਕਿਉਂ ਖੋਣ ਤੋਂ ਡਰ ਰਿਹਾ ਹਾਂ ਮੈਂ।' ਸ਼ਾਇਰ ਭਾਰਤੀ ਦਰਸ਼ਕ ਦੀ ਪੁਣ-ਛਾਣ ਤੇ ਮੰਥਨ ਕਰਦਿਆਂ ਸਮਕਾਲੀ ਮਨੁੱਖ ਨੂੰ ਵਿਕਾਰਾਂ ਤੋਂ ਮੁਕਤੀ ਦਿਲਾ ਕੇ ਪਰਮ ਪ੍ਰਮੇਸ਼ਰ ਦੇ ਲੜ ਲੱਗਣ ਦੀ ਅਗਾਊਂ ਪ੍ਰੇਰਨਾ ਦੇ ਰਿਹਾ ਹੈ। ਸ਼ਾਇਰ ਦੀ ਸ਼ਾਇਰੀ ਰੁਮਾਂਸਵਾਦੀ ਅਧਿਆਤਮ ਦੇ ਘੇਰੇ ਵਿਚ ਆਉਂਦੀ ਹੈ। ਭਾਵੇਂ ਉਹ ਰੰਗਤੀ ਮੁਹੱਬਤ ਦੀਆਂ ਬਾਤਾਂ ਵੀ ਪਾਉਂਦਾ ਹੋਇਆ ਮੁਹੱਬਤੀ ਛਿਣਾਂ ਨਾਲ ਦਸਤਪੰਜਾ ਲੈਂਦਾ ਹੈ ਪਰ ਉਸ ਦੀ ਮੁਹੱਬਤ ਵੀ ਅਧਿਆਤਮ ਵੱਲ ਮੋੜਾ ਕੱਟਦੀ ਹੈ। ਸ਼ਾਇਰ ਕਹਿੰਦਾ ਹੈ ਕਿ ਦੁਰਯੋਧਨ, ਬਾਬਰ, ਔਰੰਗਜ਼ੇਬ ਅਤੇ ਸਿਕੰਦਰ ਕੋਲ ਵੀ ਅੱਖਾਂ ਸਨ ਪਰ ਜੋ ਅੱਖਾਂ ਰਾਜੇ ਰਣਜੀਤ ਕੋਲ ਹਨ, ਉਸ ਇਕੋ ਅੱਖ ਸੁਲੱਖਣੀ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਸ਼ਾਇਰ ਨੇ ਗ਼ਜ਼ਲਾਂ ਨੂੰ ਵੱਖ-ਵੱਖ ਨਾਂਅ ਦਿੱਤੇ ਹਨ ਪਰ ਅਸਲ ਗੱਲ ਇਹ ਹੈ ਕਿ ਗ਼ਜ਼ਲ ਦਾ ਕੋਈ ਨਾਂਅ ਨਹੀਂ ਹੁੰਦਾ, ਗ਼ਜ਼ਲ ਤਾਂ ਗ਼ਜ਼ਲ ਹੁੰਦੀ ਹੈ। ਇਸੇ ਤਰ੍ਹਾਂ ਕਵਿਤਾ ਦਾ ਨਾਂਅ ਹੁੰਦਾ ਹੈ ਪਰ ਸ਼ਾਇਰ ਨੇ ਸਾਰੀਆਂ ਕਵਿਤਾਵਾਂ ਨੂੰ ਨਾਅ ਨਾਂਅ ਕਵਿਤਾ ਹੀ ਦਿੱਤਾ ਹੈ। ਇਸ ਤਰ੍ਹਾਂ ਸ਼ਾਇਰ ਪਿੰਗਲ, ਅਰੂਜ਼ ਕਾਵਿ-ਸ਼ਾਸਤਰ ਤੇ ਕਾਵਿ ਸ਼ਿਲਪ ਤੋਂ ਝੋਲ ਖਾ ਰਿਹਾ ਹੈ। ਇਸ ਤੋਂ ਸ਼ਾਇਰ ਨੂੰ ਜਾਗਰੂਕ ਹੋਣ ਦੀ ਅਤੀ ਜ਼ਰੂਰਤ ਹੈ ਤਾਂ ਕਿ ਨੇੜ ਭਵਿੱਖ ਵਿਚ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਸਿਰਜਣਾ ਕੀਤੀ ਜਾ ਸਕੇ।
-ਭਗਵਾਨ ਢਿੱਲੋਂ
ਮੋਬਾਈਲ : 098143-78254
ਸਰਘੀ ਵੇਲੇ ਟੁੱਟਾ ਤਾਰਾ
ਲੇਖਕ : ਮਾ. ਗਿਆਨ ਚੰਦ ਨਈਅਰ
ਪਬਲਿਸ਼ਰ : ਮਨੀਸ਼ਾ ਪ੍ਰਕਾਸ਼ਨ ਭੇਲਾ (ਜਲੰਧਰ)
ਕੀਮਤ : 200 ਰੁਪਏ, ਸਫ਼ੇ : 180
ਸੰਪਰਕ : 94652-29722
ਸਰਘੀ ਵੇਲੇ ਟੁੱਟਾ ਤਾਰਾ, ਮਰਹੂਮ ਲੱਕੀ ਦੀਆਂ ਯਾਦਾਂ ਦਾ ਕਾਵਿ ਪਟਾਰਾ ਹੈ, ਜਿਸ ਨੂੰ ਪੜ੍ਹ ਕੇ ਹਿਰਦਾ ਪੂਰੀ ਤਰ੍ਹਾਂ ਦੇ ਨਾਲ ਵਲੰਚਰਾਂ ਗਿਆ। ਲਲਿਤ ਲੱਕੀ ਆਪਣੀ ਜਵਾਨੀ ਦੇ ਵਿਚ ਪਰਿਵਾਰ ਨੂੰ ਅਲਵਿਦਾ ਕਹਿ ਗਿਆ। ਇਸ ਘਟਨਾ ਤੇ ਪਰਿਵਾਰ ਨਾਲ ਜੋ ਬੀਤੀ ਉਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਸ ਸਦਮੇ ਨੂੰ ਪਰਿਵਾਰ ਨੇ ਇੰਝ ਜਰਿਆ, ਇਸ ਦਾ ਅਹਿਸਾਸ ਪੁਸਤਕ ਨੂੰ ਪੜ੍ਹ ਕੇ ਹੋ ਰਿਹਾ ਹੈ। ਲੱਕੀ ਦੇ ਪ੍ਰਤੀ ਇਸ ਪੁਸਤਕ ਵਿਚ 160 ਦੇ ਕਰੀਬ ਯਾਦਾਂ ਦੀਆਂ ਕਵਿਤਾਵਾਂ ਹਨ। ਜਿਨ੍ਹਾਂ ਨੂੰ ਪੜ੍ਹਦਿਆਂ ਆਪ-ਮੁਹਾਰੇ ਹੀ ਹੰਝੂ ਵਹਿ ਤੁਰਦੇ ਹਨ। ਪੁਸਤਕ ਨੂੰ ਪੜ੍ਹਦਿਆਂ ਭਾਵੁਕਤਾ ਏਨੀ ਭਾਰੀ ਹੋ ਜਾਂਦੀ ਹੈ ਕਿ ਪੁਸਤਕ ਦੇ ਪੰਨੇ ਪਰਤਣੇ ਵੀ ਔਖੇ ਹੋ ਰਹੇ ਹਨ। ਇਸ ਘਟਨਾ ਦੀ ਚੀਸ ਹੀ ਅਜਿਹੀ ਹੈ ਜੋ ਪਰਿਵਾਰ ਵਾਲਿਆਂ ਨੂੰ ਜੀਵਨ ਭਰ ਟਸ-ਟਸ ਕਰਦੀ ਰਹੇਗੀ। ਪੁਸਤਕ ਦੇ ਲੇਖਕ ਨੇ ਲੱਕੀ ਦੇ ਜੀਵਨ ਦੀ ਘਟਨਾ, ਮਾਂ, ਬਾਪ, ਦਾਦਾ, ਦਾਦੀ, ਭੈਣ-ਭਰਾਵਾਂ, ਦੋਸਤਾਂ-ਮਿੱਤਰਾਂ, ਸਨੇਹੀਆਂ ਆਦਿ ਦਾ ਬਹੁਤ ਹੀ ਦਰਦ ਭਰੇ ਅੰਦਾਜ਼ ਵਿਚ ਜ਼ਿਕਰ ਕੀਤਾ ਹੈ। ਪਰਿਵਾਰ ਦੇ ਵਿਚ ਪਿਆ ਹਨੇਰ ਦੂਰ ਨਹੀਂ ਹੋਵੇਗਾ। ਚੜ੍ਹਦੀ ਜਵਾਨੀ ਦੇ ਵਿਚ ਮਾਪਿਆਂ ਦੇ ਸੁਪਨਿਆਂ ਨੂੰ ਅਧੂਰਾ ਛੱਡ ਕੇ ਦੁਨੀਆ ਤੋਂ ਚਲੇ ਜਾਣਾ। ਬਹੁਤ ਹੀ ਵੱਡਾ ਦਰਦ ਹੈ ਜੋ ਹੋਰਨਾਂ ਦੇ ਦਿਲਾਸਿਆਂ ਨਾਲ ਵੀ ਘੱਟ ਨਹੀਂ ਹੋਣ ਵਾਲਾ। ਲੱਕੀ ਦੀਆਂ ਯਾਦਾਂ ਹੀ ਪਰਿਵਾਰ ਦੇ ਅੱਗੇ ਘੁੰਮਦੀਆਂ ਰਹਿਣਗੀਆਂ। ਪੁਸਤਕ ਦੇ ਸ਼ੁਰੂ ਵਿਚ ਹੀ ਲੱਕੀ ਦੀਆਂ ਰੰਗੀਨ ਤਸਵੀਰਾਂ ਆਪੇ ਹੀ ਮੂੰਹੋਂ ਬੋਲਦੀਆਂ ਹਨ। ਪੁਸਤਕ ਵਿਚ ਸਾਡਾ ਹੀਰੇ ਜਿਹਾ ਲਾਲ, ਕੀਤਾ ਅੱਤਿਆਚਾਰ ਰੱਬਾ, ਮਾਂ ਦੇ ਕੀਰਨੇ, ਮੇਰੀ ਕਲਮ ਹੌਕੇ ਭਰਦੀ, ਕਿਸੇ ਦਾ ਜਵਾਨ ਪੁੱਤ ਨਾ ਵਿਛੜੇ, ਮਾਂ ਦੀਆਂ ਆਸਾਂ, ਅੱਧਵਾਟੇ ਕਿਸੇ ਦਾ ਪੁੱਤ ਨਾ ਵਿਛੜੇ, ਪੱਲੇ ਨਹੀਂ ਰਿਹਾ ਕੱਖ, ਮਾਂ ਲੱਕੀ ਨੂੰ ਧਾਹਾਂ ਮਾਰ ਕੇ ਬੁਲਾਉਂਦੀ ਹੈ, ਲੱਕੀ ਦੇ ਵਿਛੋੜੇ ਨੇ ਸਾਨੂੰ ਤੋੜ ਦਿੱਤਾ, ਅੰਦਰਲਾ ਦਰਦ, ਭਾਣਾ ਸਾਡੇ 'ਤੇ ਵਰਤ ਗਿਆ, ਦੁੱਖਾਂ ਦੀ ਪੰਡ, ਚੁੱਪ ਹਾਂ ਮੈਂ ਕਬਰਾਂ ਵਾਂਗੂੰ ਟਾਹਣੀਓਂ ਟੁੱਟਾ ਫੁੱਲ, ਕਹਿਰ, ਮਾਂ ਦੀ ਪੁਕਾਰ, ਸਾਰਿਆਂ ਨੂੰ ਬੇਹਾਲ ਕਰਗਿਆ ਆਦਿ ਕਵਿਤਾਵਾਂ ਦੇ ਵਿਚ ਪਰਿਵਾਰ ਦਾ ਦਰਦ ਜੋ ਬਿਆਨ ਕੀਤਾ ਗਿਆ। ਉਹ ਅੰਦਰਲੀ ਚੀਕ ਹੈ, ਜਿਸ ਨੂੰ ਸੁਣਨਾ ਤੇ ਵੇਖਣਾ ਬਹੁਤ ਔਖਾ ਹੈ। ਪੁਸਤਕ ਦੇ ਲੇਖਕ ਨੇ ਇਸ ਦਰਦ ਭਰੀ ਘਟਨਾ, ਜਿਸ ਤਰ੍ਹਾਂ ਬਿਆਨ ਕੀਤੀ ਹੈ ਕਿ ਅੱਖਾਂ ਦੇ ਵਿਚੋਂ ਆਪ-ਮੁਹਾਰੇ ਹੀ ਹੰਝੂ ਵਗ ਪੈਂਦੇ ਹਨ। ਪੁਸਤਕ ਵਿਚ ਰੂਪ ਲਾਲ ਰੂਪ ਨੇ ਲਿਖਿਆ ਹੈ:
ਲੋਕੋ ਅਸੀਂ ਦੁੱਖ ਵਿਚੋਂ ਖੁਸ਼ੀਆਂ ਲੱਭਣ ਵਾਲੇ ਸੀ,
ਕੁਦਰਤ ਦੀ ਸੱਟ ਨੇ ਜ਼ਖ਼ਮੀ ਕਰ ਦਿੱਤਾ....
-ਡਾ. ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990
ਪੈਪਸੂ ਦੀ ਮੁਜ਼ਾਰਾ ਲਹਿਰ ਸੰਘਰਸ਼ ਦਾ ਇਤਿਹਾਸ
ਲੇਖਕ : ਬੀ. ਅਲੈਕਸੇਈ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 212
ਸੰਪਰਕ : 75082-35110
ਪੰਜਾਬ ਦੇ ਗੌਰਵਮਈ ਇਤਿਹਾਸ ਵਿਚ ਪੈਪਸੂ ਦੀ ਮੁਜ਼ਾਰਾ ਲਹਿਰ ਦਾ ਮਹੱਤਵਪੂਰਨ ਯੋਗਦਾਨ ਹੈ। ਲੰਮੇ ਸੰਘਰਸ਼ ਉਪਰੰਤ ਪੈਪਸੂ ਇਲਾਕਿਆਂ ਦੇ ਲੋਕਾਂ ਨੂੰ ਰਜਵਾੜਾਸ਼ਾਹੀ ਤੋਂ ਆਜ਼ਾਦੀ ਪ੍ਰਾਪਤ ਹੋਈ ਸੀ। ਇਸ ਲਹਿਰ ਦੇ ਨੇਤਾਵਾਂ ਦੁਆਰਾ ਬਹੁਤ ਹੀ ਸੀਮਤ ਸਾਧਨਾਂ ਦੁਆਰਾ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ ਸੀ। ਮੁਜ਼ਾਰਾ ਲਹਿਰ ਦੇ ਆਰੰਭ ਦਾ ਪਿਛੋਕੜ, ਇਤਿਹਾਸਕ ਕਾਰਨਾਂ, ਸੰਘਰਸ਼ ਦੌਰਾਨ ਸਮੱਸਿਆਵਾਂ, ਉੱਚ ਵਰਗਾਂ ਦੇ ਅੱਤਿਆਚਾਰਾਂ, ਗ਼ਰੀਬਾਂ ਦੀਆਂ ਮੁਸ਼ਕਿਲਾਂ, ਭਾਰਤ ਦੇ ਕਿਸਾਨੀ ਸੰਘਰਸ਼ ਵਿਚ ਯੋਗਦਾਨ, ਮੁਜ਼ਾਰਾ ਲਹਿਰ ਨਾਲ ਸੰਬੰਧਿਤ ਸਾਹਿਤ, ਕਵਿਤਾ ਆਦਿ ਬਾਰੇ ਜਾਨਣ ਲਈ ਮੁਲਾਂਕਣ ਅਧੀਨ ਕਿਤਾਬ ਇਕ ਮਹੱਤਵਪੂਰਨ ਵਿਸ਼ਲੇਸ਼ਣਾਤਮਕ ਅਧਿਐਨ ਹੈ। ਲੇਖਕ ਵਲੋਂ ਭੂਮਿਕਾ ਅਤੇ ਅੰਤਿਕਾ ਤੋਂ ਇਲਾਵਾ ਕਿਤਾਬ ਨੂੰ 9 ਅਧਿਆਵਾਂ ਵਿਚ ਵੰਡਿਆ ਗਿਆ ਹੈ। ਅਧਿਆਵਾਂ ਦੇ ਵਿਸ਼ੇ ਕ੍ਰਮਵਾਰ ਪੈਪਸੂ ਦੀਆਂ ਰਿਆਸਤਾਂ ਅਤੇ ਮੁਜ਼ਾਰਿਆਂ ਦੀ ਦੁਰਦਸ਼ਾ, ਪੰਜਾਬ ਦੀਆਂ ਲੋਕ ਲਹਿਰਾਂ ਅਤੇ ਰਿਆਸਤੀ ਪੰਜਾਬ, ਪੈਪਸੂ ਦੀ ਮੁਜ਼ਾਰਾ ਲਹਿਰ ਦਾ ਆਰੰਭ, ਮੁਜ਼ਾਰਾ ਲਹਿਰ ਦਾ ਸੰਵਿਧਾਨ, ਅਸੂਲ ਤੇ ਮੰਗਾਂ, ਮੁਜ਼ਾਰਾ ਲਹਿਰ ਦਾ ਮੁੱਖ ਸੰਘਰਸ਼ ਅਤੇ ਜਿੱਤ, ਮੁਜ਼ਾਰਾ ਲਹਿਰ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ, ਪੰਜਾਬ ਦੇ ਕਿਸਾਨੀ ਸੰਘਰਸ਼ ਦੇ ਬਦਲਦੇ ਆਧਾਰ, ਮੁਜ਼ਾਰਾ ਲਹਿਰ ਨਾਲ ਸੰਬੰਧਿਤ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਅਤੇ ਇਸ ਲਹਿਰ ਨਾਲ ਸੰਬੰਧਿਤ ਕਵਿਤਾਵਾਂ ਆਦਿ ਹਨ। 15 ਜੁਲਾਈ, 1948 ਈਸਵੀ ਨੂੰ ਭਾਰਤ ਦੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੁਆਰਾ ਪੰਜਾਬ ਦੀਆਂ ਅੱਠ ਰਿਆਸਤਾਂ ਨੂੰ ਜੋੜ ਕੇ ਪੈਪਸੂ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਅੱਠ ਰਿਆਸਤਾਂ ਦੇ ਨਾਂਅ ਪਟਿਆਲਾ, ਨਾਭਾ, ਜੀਂਦ, ਮਾਲੇਰਕੋਟਲਾ, ਫ਼ਰੀਦਕੋਟ, ਕਪੂਰਥਲਾ, ਨਾਲਾਗੜ੍ਹ ਅਤੇ ਕਲਸੀਆ ਸਨ। ਪੈਪਸੂ ਭਾਵ 'ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ' ਦਾ ਰਾਜ ਪ੍ਰਮੁੱਖ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਲਗਾਇਆ ਗਿਆ ਸੀ। ਮੌਜੂਦਾ ਸਮੇਂ ਦੇ ਅੱਠ ਜ਼ਿਲ੍ਹੇ ਪਟਿਆਲਾ, ਬਰਨਾਲਾ, ਬਠਿੰਡਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ, ਮੁਹਿੰਦਰਗੜ੍ਹ, ਕਪੂਰਥਲਾ ਅਤੇ ਕੰਡਾਘਾਟ ਪੈਪਸੂ ਦਾ ਭੂਗੋਲਿਕ ਖੇਤਰ ਸੀ। ਇਸ ਕਿਤਾਬ ਵਿਚ 17ਵੀਂ ਅਤੇ 18ਵੀਂ ਸਦੀ ਦੌਰਾਨ ਪੈਪਸੂ ਤੋਂ ਪਹਿਲਾਂ ਉਪਰੋਕਤ ਰਿਆਸਤਾਂ ਦੀ ਸਥਾਪਨਾ ਹੋਣਾ, ਰਿਆਸਤਾਂ ਵਿਚ ਬਰਤਾਨਵੀ ਸ਼ਾਸਨ ਦੌਰਾਨ ਲੋਕ ਚੇਤੰਨਤਾ ਪੈਦਾ ਹੋਣਾ, ਪੰਜਾਬ ਦੀਆਂ ਲੋਕ ਲਹਿਰਾਂ ਦੁਆਰਾ ਪੰਜਾਬ ਦੇ ਮਾਲਵਾ ਖੇਤਰ ਦੀਆਂ ਇਨ੍ਹਾਂ ਰਿਆਸਤਾਂ ਦੇ ਜਨ-ਸਧਾਰਨ ਵਿਚ ਚੇਤੰਨਤਾ ਪੈਦਾ ਕਰਨ ਦੇ ਇਤਿਹਾਸਕ ਕਾਰਨ ਪੰਜਾਬ ਦੀ ਮੁਜ਼ਾਰਾ ਲਹਿਰ ਦੇ ਨਿਰਮਾਣ ਹਿੱਤ ਨਿਯਮ, ਮੰਤਵ ਅਤੇ ਸੰਵਿਧਾਨ ਦੀ ਸਥਾਪਨਾ ਆਦਿ ਪੱਖਾਂ ਦੇ ਨਾਲ-ਨਾਲ 1956 ਈ. ਤੋਂ ਬਾਅਦ ਪੰਜਾਬ ਵਿਚ ਕਿਸਾਨੀ ਵਰਗ ਦੀ ਹਾਲਤ, ਸੰਘਰਸ਼ ਅਤੇ ਬਦਲਦੇ ਪਰਿਪੇਖਾਂ ਦਾ ਅਧਿਐਨ ਮੁਢਲੇ ਅਤੇ ਮੁਲਾਕਾਤਾਂ 'ਤੇ ਅਧਾਰਿਤ ਦਾ ਅਧਿਐਨ ਕੀਤਾ ਗਿਆ ਹੈ। ਸੰਖੇਪ ਵਿਚ ਲੇਖਕ ਡਾ. ਬੀ. ਅਲੈਕਸੇਈ ਵਲੋਂ ਇਸ ਖੋਜ ਪੂਰਨ ਕਿਤਾਬ ਵਿਚ ਇਤਿਹਾਸਕ ਤੱਥਾਂ, ਕਿਤਾਬਾਂ, ਡਾਇਰੀਆਂ, ਅਖ਼ਬਾਰਾਂ, ਸਰਕਾਰੀ, ਅਰਧ-ਸਰਕਾਰੀ ਰਿਪੋਰਟਾਂ, ਗੁਪਤ ਰਿਪੋਰਟਾਂ, ਰੋਜ਼ਨਾਮਚਿਆਂ ਨੂੰ ਆਪਣੀ ਸ੍ਰੋਤ ਸਮੱਗਰੀ ਦਾ ਅਧਾਰ ਬਣਾਇਆ ਗਿਆ ਹੈ। ਉਸ ਦੇ ਨਾਲ ਹੀ 20ਵੀਂ ਸਦੀ ਦੌਰਾਨ ਪੰਜਾਬੀ ਕਵਿਤਾ ਵਿਚ ਮੁਜ਼ਾਰਾ ਲਹਿਰ ਦੇ ਵਰਨਣ ਅਤੇ ਇਸ ਲਹਿਰ ਨਾਲ ਸੰਬੰਧਿਤ ਕੁਝ ਕਵਿਤਾਵਾਂ ਨੂੰ ਲਿਖਣ ਦਾ ਅਧਾਰ ਅਤੇ ਕਿਤਾਬ ਵਿਚ ਸ਼ਾਮਿਲ ਹਨ। ਮੁਜ਼ਾਰਾ ਲਹਿਰ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪਿੰਡਾਂ ਅਤੇ ਇਸ ਲਹਿਰ ਵਿਚ ਕੰਮ ਕਰਨ ਵਾਲੀਆਂ ਕੁਝ ਪ੍ਰਮੁੱਖ ਸ਼ਖ਼ਸੀਅਤਾਂ ਦੀ ਸੂਚੀ ਵੀ ਦਿੱਤੀ ਗਈ ਹੈ। ਮੁਜ਼ਾਰਾ ਲਹਿਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਸਰਕਾਰੀ ਅੱਤਿਆਚਾਰਾਂ ਦੇ ਸੰਤਾਪ ਹੰਡਾਉਣ ਵਾਲੇ ਕਿਰਪਾਲ ਸਿੰਘ ਬੀਰ ਨਾਲ ਮੁਲਾਕਾਤ ਵੀ ਪ੍ਰਕਾਸ਼ਿਤ ਕੀਤੀ ਹੈ। ਉਮੀਦ ਹੈ ਕਿ ਪੰਜਾਬ ਦੀਆਂ ਲੋਕ ਲਹਿਰਾਂ, ਵੀਰ ਪਰੰਪਰਾ, ਕਿਸਾਨੀ ਸੰਘਰਸ਼ ਅਤੇ ਪੈਪਸੂ ਦੀ ਮੁਜ਼ਾਰਾ ਲਹਿਰ ਨੂੰ ਜਾਨਣ ਵਾਲੇ ਪਾਠਕਾਂ ਦੇ ਗਿਆਨ ਵਿਚ ਵਾਧਾ ਕਰਨ ਵਾਲੀ ਇਹ ਕਿਤਾਬ ਇਕ ਵੱਖਰੀ ਪਹਿਚਾਣ ਸਥਾਪਿਤ ਕਰੇਗੀ।
-ਮੁਹੰਮਦ ਇਦਰੀਸ
ਮੋਬਾਈਲ : 98141-71786