ਨਗਰ ਕੌਂਸਲ ਬੁਢਲਾਡਾ ਦਾ ਪ੍ਰਧਾਨ ਸੁਖਪਾਲ ਸਿੰਘ ਹੋਇਆ ਲਾਪਤਾ

ਬੁਢਲਾਡਾ (ਮਾਨਸਾ), 28 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਨਗਰ ਕੌਂਸਲ ਬੁਢਲਾਡਾ ਦਾ ਪ੍ਰਧਾਨ ਸੁਖਪਾਲ ਸਿੰਘ ਬੀਤੀ ਰਾਤ ਤੋਂ ਲਾਪਤਾ ਹੈ। ਰਾਜਸੀ ਹਲਕਿਆਂ ਦੇ ਨਾਲ ਹੀ ਆਮ ਲੋਕਾਂ ’ਚ ਉਨ੍ਹਾਂ ਦੀ ਗੁੰਮਸ਼ੁਦਗੀ ਪ੍ਰਤੀ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹਨ। ਪ੍ਰਧਾਨ ਦੀ ਪਤਨੀ ਗੁਰਵਿੰਦਰ ਕੌਰ ਨੇ ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਨੂੰ ਦਰਖਾਸਤ ਦੇ ਕੇ ਦੋਸ਼ ਲਗਾਏ ਹਨ ਕਿ ਸੁਖਪਾਲ ਸਿੰਘ ਨੂੰ ਪ੍ਰਧਾਨਗੀ ਪਦ ਤੋਂ ਲਾਂਭੇ ਕਰਨ ਲਈ ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ ਤੇ ਸਾਥੀ ਦਿਨੇਸ਼ ਕੁਮਾਰ ਰਿਸ਼ੀ, ਸੁਸ਼ੀਲ ਕੁਮਾਰ ਸ਼ੀਲਾ ਪਿਛਲੇ ਦਿਨਾਂ ਤੋਂ ਸਰਗਰਮ ਹਨ, ਜੋ ਵੱਡੀ ਰਕਮ ਦੀ ਮੰਗ ਕਰਦੇ ਸਨ, ਜਿਸ ਕਰਕੇ ਉਸ ਦਾ ਪਤੀ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਸੀ। ਗੁਰਵਿੰਦਰ ਕੌਰ ਅਨੁਸਾਰ ਹਲਕਾ ਵਿਧਾਇਕ ਬੁੱਧ ਰਾਮ ਉਨ੍ਹਾਂ ਦੇ ਚਾਚਾ ਜੀ ਹਨ, ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪਤੀ ਨੂੰ ਜਲਦ ਲੱਭਿਆ ਜਾਵੇ ਅਤੇ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ। ਚੇਅਰਮੈਨ ਸਿੰਗਲਾ ਨੇ ‘ਅਜੀਤ’ ਵਲੋਂ ਸੰਪਰਕ ਕਰਨ ’ਤੇ ਲਗਾਏ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਚੁਣਨਾ ਜਾਂ ਹਟਾਉਣਾ ਕੌਂਸਲਰਾਂ ਦਾ ਕੰਮ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਲਗਾਏ ਦੋਸ਼ ਸਾਬਤ ਹੋ ਜਾਣ ਤਾਂ ਉਹ ਰਾਜਨੀਤੀ ਨੂੰ ਅਲਵਿਦਾ ਕਹਿ ਦੇਣਗੇ।