ਸੰਗਰੂਰ-ਉੱਪਲੀ ਰੋਡ ਦੀ ਅਪਗ੍ਰੇਡੇਸ਼ਨ ਕੰਮ ਦੇ ਪ੍ਰਾਜੈਕਟ ਦਾ ਵਿਧਾਇਕਾ ਭਰਾਜ ਨੇ ਰੱਖਿਆ ਨੀਂਹ-ਪੱਥਰ

ਸੰਗਰੂਰ, 28 ਅਪ੍ਰੈਲ (ਧੀਰਜ ਪਸ਼ੋਰੀਆ)-ਇਲਾਕਾ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵਲੋਂ ਸਥਾਨਕ ਸੰਗਰੂਰ-ਉੱਪਲੀ ਰੋਡ ਦੀ ਅਪਗ੍ਰੇਡੇਸ਼ਨ ਦੇ ਕੰਮ ਦੇ ਪ੍ਰੋਜੈਕਟ ਦਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਨੀਂਹ-ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਸੜਕ ਸ਼ਹਿਰ ਅਤੇ ਇਲਾਕੇ ਦੀ ਬਹੁਤ ਹੀ ਮਹੱਤਵਪੂਰਨ ਸੜਕ ਹੈ। ਪਿਛਲੀਆਂ ਸਰਕਾਰਾਂ ਵਲੋਂ ਇਸ ਸੜਕ ਦੀ ਬਿਲਕੁਲ ਵੀ ਸਾਰ ਨਹੀਂ ਲਈ ਗਈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਇਥੋਂ ਆਵਾਜਾਈ ਕਰਨ ਵਿਚ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਸੜਕ ਦੀ 97 ਲੱਖ ਰੁਪਏ ਦੀ ਲਾਗਤ ਨਾਲ ਪੂਰੀ ਤਰ੍ਹਾਂ ਕਾਇਆ-ਕਲਪ ਕੀਤੀ ਜਾਵੇਗੀ। ਸੜਕ ਬਣਨ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਬੱਧ ਹੈ। ਸੂਬੇ ਦਾ ਵਿਕਾਸ ਯੋਜਨਾਬੱਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੀ ਦਿੱਖ ਅਤੇ ਦਿਸ਼ਾ ਪੂਰੀ ਤਰ੍ਹਾਂ ਬਦਲ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦਾ ਵਿਕਾਸ ਵਿਚ ਯੋਗਦਾਨ ਪਾਉਣ।