ਭਰੇ ਮਨ ਲੈ ਕੇ ਅੱਜ ਪੰਜਵੇਂ ਦਿਨ ਵੀ ਭਾਰਤ ਪਾਕਿਸਤਾਨ ਅਵਾਮ ਘਰਾਂ ਨੂੰ ਪਰਤੀ

ਅਟਾਰੀ, (ਅੰਮ੍ਰਿਤਸਰ) 28 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ ਅਟਾਰੀ)- ਪਹਿਲਗਾਮ ਵਿਚ ਹੋਏ ਸੈਲਾਨੀਆਂ ’ਤੇ ਹਮਲੇ ਤੋਂ ਬਾਅਦ ਭਾਰਤ ਸਰਕਾਰ ਵਲੋਂ ਗੁਆਂਢੀ ਦੇਸ਼ ਪਾਕਿਸਤਾਨ ਨਾਲ ਸਾਰੇ ਸੰਬੰਧ ਤੋੜ ਦਿੱਤੇ ਗਏ ਹਨ। ਅੱਜ ਭਾਰਤ ਤੋਂ ਪੰਜਵੇਂ ਦਿਨ ਵੀ ਦੋਵੇਂ ਦੇਸ਼ਾਂ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋਈ ਅਵਾਮ ਦੇ ਲੋਕ ਭਰੇ ਮਨ ਲੈ ਕੇ ਆਪੋ ਆਪਣੇ ਵਤਨਾਂ ਨੂੰ ਰਵਾਨਾ ਹੋ ਗਏ ਹਨ। ਆਈ.ਸੀ.ਪੀ. ਦੇ ਮੁੱਖ ਦੁਆਰ ਅੱਗੇ ਬੀ.ਐਸ.ਐਫ਼. ਦੇ ਕੰਪਨੀ ਕਮਾਂਡੈਂਟ ਅਮਰਦੀਪ ਸਿੰਘ ਭਾਰੀ ਫੋਰਸ ਨਾਲ ਮੌਜੂਦ ਸਨ, ਜਿਨ੍ਹਾਂ ਵਲੋਂ ਯਾਤਰੀ ਜੋ ਦੋਵੇਂ ਦੇਸ਼ਾਂ ਦਰਮਿਆਨ ਆ-ਜਾ ਰਹੇ ਹਨ, ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕਰਕੇ ਹੀ ਮੰਜ਼ਿਲ ਵੱਲ ਤੋਰਿਆ ਜਾ ਰਿਹਾ ਹੈ।