2,240 ਲੀਟਰ ਨਾਜਾਇਜ਼ ਈ.ਐਨ.ਏ. ਜ਼ਬਤ ਕਰਕੇ ਜਹਰੀਲੀ ਸ਼ਰਾਬ ਦੇ ਵੱਡੇ ਦੁਖਾਂਤ ਨੂੰ ਟਾਲਿਆ:- ਹਰਪਾਲ ਸਿੰਘ ਚੀਮਾ
ਸੰਗਰੂਰ, 27 ਅਪ੍ਰੈਲ (ਧੀਰਜ ਪਸ਼ੌਰੀਆ )- ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿਚ ਇਕ ਮਹੱਤਵਪੂਰਨ ਸਫਲਤਾ ਦਾ ਐਲਾਨ ਕਰਦਿਆਂ ਦੱਸਿਆ ਕਿ 2,240 ਲੀਟਰ ਨਾਜਾਇਜ਼ ਚੋਰੀ ਕੀਤੀ ਗਈ ਐਕਸਟਰਾ ਨਿਊਟਰਲ ਅਲਕੋਹਲ (ਈ.ਐਨ.ਏ.) ਜ਼ਬਤ ਕੀਤੀ ਗਈ ਹੈ , ਜਿਸ ਨਾਲ ਇਕ ਸੰਭਾਵੀ ਵੱਡੀ ਨਕਲੀ ਸ਼ਰਾਬ ਦੇ ਦੁਖਾਂਤ ਨੂੰ ਟਾਲਣ ਵਿਚ ਸਫਲਤਾ ਪ੍ਰਾਪਤ ਹੋਈ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਇਕ ਗੁਪਤ ਸਟੋਰ ਦਾ ਪਤਾ ਲੱਗਿਆ, ਜਿਸ ਦੇ ਨਤੀਜੇ ਵਜੋਂ 34 ਡਰੰਮ ਬਰਾਮਦ ਹੋਏ ਜਿਸ ਵਿਚ 60 ਲੀਟਰ ਹਰੇਕ ਅਨੁਸਾਰ ਕੁੱਲ 2,040 ਲੀਟਰ ਈ.ਐਨ.ਏ ਸੀ ਅਤੇ ਇਕ ਹੋਰ ਵਿਅਕਤੀ ਅਰਮਾਨ ਮੁਹੰਮਦ ਨੂੰ ਵੀ ਛਾਪੇਮਾਰੀ ਦੌਰਾਨ ਹਿਰਾਸਤ ਵਿਚ ਲੈ ਲਿਆ ਗਿਆ।