ਨਸ਼ਾ ਤਸਕਰਾਂ ਵਲੋਂ ਲਾਂਘੇ ਲਈ ਬਣਾਈ ਬਾਲਕੋਨੀ 'ਤੇ ਪੁਲਿਸ ਵਲੋਂ ਕਾਰਵਾਈ


ਜੰਡਿਆਲਾ ਮੰਜਕੀ (ਜਲੰਧਰ), 27ਅਪਰੈਲ (ਸੁਰਜੀਤ ਸਿੰਘ ਜੰਡਿਆਲਾ) - ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਥਾਣਾ ਸਦਰ ਜਲੰਧਰ ਅਤੇ ਪੁਲਿਸ ਚੌਂਕੀ ਜੰਡਿਆਲਾ ਅਧੀਨ ਆਉਂਦੇ ਪਿੰਡ ਲੱਖਣਪਾਲ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੀ ਅਗਵਾਈ ਏਸੀਪੀ ਜਲੰਧਰ ਕੈਂਟ ਬਬਨਦੀਪ ਸਿੰਘ ਅਤੇ ਥਾਣਾ ਸਦਰ ਦੇ ਮੁਖੀ ਸੰਜੀਵ ਕੁਮਾਰ ਸੂਰੀ ਵਲੋਂ ਕੀਤੀ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਲੱਖਣਪਾਲ ਵਿਖੇ ਨਸ਼ਾ ਤਸਕਰੀ ਵਿਚ ਲੱਗੇ ਦੋ ਸਕੇ ਭਰਾਵਾਂ ਵਲੋਂ ਪੰਚਾਇਤ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਗਲੀ ਵਿਚ ਵਾਧਰਾ ਕੱਢਿਆ ਗਿਆ ਸੀ, ਜੋ ਕਿ ਸਾਹਮਣੇ ਵਾਲੇ ਮਕਾਨ ਨਾਲ ਅਟੈਚ ਸੀ। ਨਸ਼ਾ ਤਸਕਰੀ ਵਿਚ ਲੱਗੇ ਕਈ ਪਿੰਡ ਵਾਸੀਆਂ ਤੇ ਪੁਲਿਸ ਪਾਰਟੀਆਂ ਵਲੋਂ ਰੇਡ ਮਾਰਨ 'ਤੇ ਉਹ ਭਰਾ ਆਪਣੇ ਮਕਾਨ ਤੋਂ ਗਾਇਬ ਹੋ ਜਾਂਦੇ ਸਨ।ਅੱਜ ਬੀਡੀਪੀਓ ਰੁੜਕਾ ਕਲਾਂ ਤਜਿੰਦਰ ਪਾਲ ਵਲੋਂ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਨਜਾਇਜ਼ ਕਬਜ਼ੇ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਦਿੱਤੀ ਗਈ।ਨਜਾਇਜ਼ ਉਸਾਰੀ ਨੂੰ ਢਾਹੁਣ ਲਈ ਮੰਗਵਾਈ ਗਈ ਜੇਸੀਬੀ ਗਲੀ ਤੰਗ ਹੋਣ ਕਾਰਨ ਮਕਾਨ ਤੱਕ ਨਾ ਪਹੁੰਚ ਸਕੀ, ਜਿਸ ਕਾਰਨ ਪੁੱਜੇ ਮਜ਼ਦੂਰਾਂ ਨੂੰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੱਥ ਨਾਲ ਹੀ ਨਜਾਇਜ਼ ਉਸਾਰੀ ਨੂੰ ਢਾਹੁਣ ਲਈ ਮਿਹਨਤ ਕਰਨੀ ਪਈ। ਏਸੀਪੀ ਬਬਨਦੀਪ ਸਿੰਘ ਨੇ ਕਿਹਾ ਕਿ ਲੱਖਣਪਾਲ ਵਿਚ ਨਜਾਇਜ਼ ਉਸਾਰੀ ਕਰਨ ਵਾਲੇ ਨਸ਼ਾ ਤਸਕਰ ਹਰਦੀਪ ਸਿੰਘ ਦੀਪਾ ਪੁੱਤਰ ਸਰਬਜੀਤ ਖ਼ਿਲਾਫ਼ ਪਹਿਲਾਂ ਵੀ 9 ਨਸ਼ਾ ਵਿਰੋਧੀ ਅਤੇ ਇਕ ਅਕਸਾਈਜ਼ ਦਾ ਮੁਕੱਦਮਾ ਦਰਜ ਹੈ। ਉਸ ਦੇ ਭਰਾ ਸੋਨੂ ਤੇ ਵੀ ਦੋ ਪਰਚੇ ਦਰਜ ਹਨ, ਜਦਕਿ ਉਸ ਦੇ ਪਿਤਾ ਸਰਬਜੀਤ 'ਤੇ ਵੀ ਪਹਿਲਾਂ ਕਈ ਮੁਕੱਦਮੇ ਦਰਜ ਰਹੇ ਹਨ। ਉਨ੍ਹਾਂ ਦੱਸਿਆ ਕਿ ਕੀਤੀ ਗਈ ਬਾਲਕੋਨੀ ਦੀ ਨਜਾਇਜ਼ ਉਸਾਰੀ ਨੂੰ ਨਸ਼ਾ ਤਸਕਰ ਨੇ ਲਾਂਘਾ ਬਣਾਇਆ ਹੋਇਆ ਸੀ। ਇਸ ਗੈਰ ਕਾਨੂੰਨੀ ਉਸਾਰੀ ਨੂੰ ਢਾਹੁਣ ਲਈ ਉਸ ਨੂੰ ਕਈ ਵਾਰ ਉਚ ਅਧਿਕਾਰੀਆਂ ਵਲੋਂ ਨੋਟਿਸ ਵੀ ਭੇਜੇ ਗਏ, ਪ੍ਰੰਤੂ ਉਸ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਬੀਡੀਪੀਓ ਰੁੜਕਾ ਕਲਾਂ ਵਲੋਂ ਨਜਾਇਜ਼ ਉਸਾਰੀ ਸੰਬੰਧੀ ਪੱਤਰ 'ਤੇ ਗੌਰ ਕਰਦਿਆਂ ਅੱਜ ਇਹ ਕਾਰਵਾਈ ਕੀਤੀ ਗਈ।