JALANDHAR WEATHER

ਖੇਤਾਂ 'ਚ ਖੜ੍ਹੀ ਕਣਕ ਤੇ ਸੈਂਕੜੇ ਏਕੜ ਨਾੜ ਸੜ ਕੇ ਸੁਆਹ

ਜੰਡਿਆਲਾ ਮੰਜਕੀ, 26 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)-ਕਿਸਾਨ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਉਤੇ ਵਾਪਰੇ ਅੱਗ ਦੇ ਕਹਿਰ ਨੇ ਅੱਜ ਦੋ ਦਰਜਨ ਤੋਂ ਜ਼ਿਆਦਾ ਖੇਤ ਪੱਕ ਕੇ ਤਿਆਰ ਖੜ੍ਹੀ ਸੋਨੇ ਰੰਗੀ ਕਣਕ ਦੀ ਫਸਲ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇਸ ਅੱਗ ਨੇ ਕਣਕ ਦੀ ਫਸਲ ਦੇ ਸੈਂਕੜੇ ਏਕੜ ਨਾੜ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਕਿਸੇ ਕਿਸਾਨ ਵਲੋਂ ਆਪਣੇ ਕਮਾਦ ਦੀ ਖੋਰੀ ਨੂੰ ਲਗਾਈ ਅੱਗ ਕਾਰਨ ਉਪਰੋਕਤ ਅੱਗ ਦਾ ਕਹਿਰ ਸਮਝਿਆ ਜਾ ਰਿਹਾ ਹੈ। ਅੱਗ ਦੀ ਲਪੇਟ ਵਿਚ ਕਾਸ਼ਤਕਾਰ ਗੁਰਵਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪੰਡੋਰੀ ਮਸ਼ਾਰਕਤੀ ਦੇ ਸਾਢੇ ਚਾਰ ਖੇਤ, ਬਿੱਟੂ ਸਿੰਘ ਪੁੱਤਰ ਸਤਨਾਮ ਸਿੰਘ, ਸਤਨਾਮ ਸਿੰਘ ਪੁੱਤਰ ਦਿਲਦਾਰ ਸਿੰਘ ਦੇ ਕੁੱਲ ਸਾਡੇ ਸੱਤ ਖੇਤ, ਅਮਰਜੀਤ ਸਿੰਘ ਪੁੱਤਰ ਨਾਜਰ ਸਿੰਘ ਦੇ ਲਗਭਗ ਤਿੰਨ ਖੇਤ, ਅਮਰੀਕ ਸਿੰਘ ਪੁੱਤਰ ਬਿਸ਼ਨ ਸਿੰਘ ਦੇ ਲਗਭਗ ਚਾਰ ਖੇਤ, ਬਘੇਲ ਸਿੰਘ ਪੁੱਤਰ ਸਵਰਨ ਸਿੰਘ ਦਾ ਇਕ ਖੇਤ ਅਤੇ ਗੁਰਦੁਆਰਾ ਬਾਬਾ ਮੜ ਸਾਹਿਬ ਦੇ ਕੁਝ ਖੇਤਾਂ ਦੀ ਕਣਕ ਵੀ ਸੜ ਕੇ ਸੁਆਹ ਹੋ ਗਈ। ਇਨ੍ਹਾਂ ਖੇਤਾਂ ਨਾਲ ਲੱਗਦੀ ਕੱਟੀ ਗਈ ਕਣਕ ਦੀ ਨਾੜ ਦੇ ਲਗਭਗ 300 ਤੋਂ 400 ਖੇਤ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ।

ਸੜੀ ਕਣਕ ਅਤੇ ਨਾੜ ਦੇ ਕੁੱਲ ਨੁਕਸਾਨ ਦਾ ਅਨੁਮਾਨ ਮਾਲ ਮਹਿਕਮੇ ਦੇ ਅਧਿਕਾਰੀਆਂ ਵਲੋਂ ਲਾਇਆ ਜਾਵੇਗਾ। ਖੇਤਾਂ ਵਿਚ ਅੱਗ ਲੱਗਣ ਦੀ ਉਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਕੀ ਜੰਡਿਆਲਾ ਤੋਂ ਮੁਲਾਜ਼ਮ ਘਟਨਾ ਸਥਾਨ ਉਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਕੀਤੀ। ਅੱਗ ਬੁਝਾਉਣ ਲਈ ਇਕ ਪ੍ਰਸਿੱਧ ਸਮਾਜ ਸੇਵੀ ਵਲੋਂ ਬਣਾਈ ਗਈ ਫਾਇਰ ਬ੍ਰਿਗੇਡ ਤਾਂ ਪੁੱਜ ਗਈ ਜਦਕਿ ਸਰਕਾਰੀ ਫਾਇਰ ਬ੍ਰਿਗੇਡ ਅੱਗ ਬੁਝਾਉਣ ਤੋਂ ਬਾਅਦ ਹੀ ਪੁੱਜੀ। ਪੁਲਿਸ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ