ਪਹਿਲਗਾਮ ਘਟਨਾ ਦੇ ਰੋਸ ਵਜੋਂ ਕੱਲ੍ਹ ਫਗਵਾੜਾ ਬੰਦ ਦਾ ਐਲਾਨ

ਫਗਵਾੜਾ, 25 ਅਪ੍ਰੈਲ (ਹਰਜੋਤ ਸਿੰਘ ਚਾਨਾ)-ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਸੈਲਾਨੀਆਂ ਨੂੰ ਅੱਤਵਾਦੀਆਂ ਵਲੋਂ ਮਾਰਨ ਦੇ ਰੋਸ ਵਜੋਂ ਸ਼ਿਵ ਸੈਨਾ ਪੰਜਾਬ ਵਲੋਂ 26 ਅਪ੍ਰੈਲ ਨੂੰ ਫਗਵਾੜਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਇਥੇ ਸ਼੍ਰੀ ਹਨੂੰਮਾਨਗੜ੍ਹੀ ’ਚ ਗੱਲਬਾਤ ਦੌਰਾਨ ਸ਼ਿਵ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਇੰਦਰਜੀਤ ਕਰਵਲ, ਰਾਜੇਸ਼ ਪਲਟਾ ਤੇ ਰਜਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਇਸ ਘਟਨਾ ਨਾਲ ਹਿੰਦੂ ਸਮਾਜ ’ਚ ਸ਼ੋਕ ਦੀ ਲਹਿਰ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਿ ਇਸ ਦੁੱਖ ਦੀ ਘੜੀ ’ਚ ਇਕਜੁੱਟਤਾ ਦਿਖਾਉਂਦੇ ਹੋਏ ਸ਼ਨੀਵਾਰ ਨੂੰ ਦੁਕਾਨਾਂ ਬੰਦ ਰੱਖਣ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰ ਸਵੇਰੇ 9 ਵਜੇ ਗਊਸ਼ਾਲਾ ਰੋਡ ਵਿਖੇ ਇਕੱਤਰ ਹੋਣ ਜਿਥੋਂ ਸ਼ਹਿਰ ’ਚ ਰੋਸ ਮਾਰਚ ਕੱਢਿਆ ਜਾਵੇ। ਇਸ ਮੌਕੇ ਵਿਪਨ ਸ਼ਰਮਾ, ਪ੍ਰਦੇਸ਼ ਰਵੀ ਦੱਤ, ਸਿਟੀ ਪ੍ਰਧਾਨ ਅੰਕੁਰ ਬੇਦੀ, ਬੱਬੀ ਗੋਸਵਾਮੀ, ਅਮਨ ਕੁਮਾਰ ਕਾਕਾ, ਵਿਨਯ ਹੁਨਰ, ਮਨੋਜ ਟੰਡਨ, ਤਰਸੇਮ ਲਾਲ, ਬਲਜੀਤ ਸੁਮਨ ਆਦਿ ਹਾਜ਼ਰ ਸਨ।