ਭਾਰਤ-ਪਾਕਿ ਦੋਵਾਂ ਦੇਸ਼ਾਂ ਦੇ ਰੀਟਰੀਟ ਸੈਰਾਮਨੀ ਸਮੇਂ ਦੂਜੇ ਦਿਨ ਵੀ ਗੇਟ ਰਹੇ ਬੰਦ

ਅਟਾਰੀ (ਅੰਮ੍ਰਿਤਸਰ), 25 ਅਪ੍ਰੈਲ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਉਤੇ ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਹੋ ਰਹੀ ਝੰਡੇ ਦੀ ਰਸਮ ਸਮੇਂ ਗੇਟ ਦੂਸਰੇ ਦਿਨ ਵੀ ਬੰਦ ਰੱਖੇ ਗਏ। ਪਹਿਲਾਂ ਬੀ.ਐਸ.ਐਫ. ਅਤੇ ਪਾਕਿਸਤਾਨ ਰੇਂਜਰ ਗੇਟ ਖੋਲ੍ਹਦੇ ਸਮੇਂ ਹੱਥ ਮਿਲਾਉਂਦੇ ਸਨ, ਉਹ ਵੀ ਬੰਦ ਕਰ ਦਿੱਤਾ ਗਿਆ। ਜ਼ੀਰੋ ਲਾਈਨ ਉਤੇ ਲਹਿਰਾਏ ਗਏ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਡੋਰੀ ਨੂੰ ਗੇਟ ਦੇ ਬਾਹਰ ਲੱਗੇ ਪੋਲ ਨਾਲ ਬੰਨ੍ਹ ਕੇ ਤਿਰੰਗੇ ਨੂੰ ਉਤਾਰਿਆ ਗਿਆ। ਰੀਟਰੀਟ ਸੈਰਾਮਨੀ ਮੌਕੇ ਪਹੁੰਚੇ ਸੈਲਾਨੀਆਂ ਵਲੋਂ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਨੂੰ ਸਤਿਕਾਰ ਸਹਿਤ ਉਤਾਰਦੇ ਸਮੇਂ ਉੱਠ ਕੇ ਸਲਾਮੀ ਦਿੱਤੀ ਗਈ।