ਵਿਦੇਸ਼ ਜਾਣ ਦੇ ਚੱਕਰ ਵਿਚ ਇਕ ਹੋਰ ਅਬਲਾ ਚੜ੍ਹੀ ਦਾਜ ਦੀ ਬਲੀ

ਸੰਗਤ ਮੰਡੀ , 6 ਅਪ੍ਰੈਲ (ਦੀਪਕ ਸ਼ਰਮਾ) - ਜ਼ਿਲ੍ਹਾ ਬਠਿੰਡਾ ਅਧੀਨ ਬਠਿੰਡਾ ਬਾਦਲ ਰੋਡ 'ਤੇ ਪੈਂਦੇ ਥਾਣਾ ਨੰਦਗੜ੍ਹ ਦੇ ਪਿੰਡ ਜੰਗੀਰਾਣਾ ਵਿਖੇ ਇਕ ਹੋਰ ਨੌਜਵਾਨ ਲੜਕੀ ਵਿਦੇਸ਼ ਜਾਣ ਦੇ ਚੱਕਰ ਵਿਚ ਦਾਜ ਦੀ ਬਲੀ ਚੜ੍ਹ ਗਈ । ਜਾਣਕਾਰੀ ਦਿੰਦੇ ਹੋਏ ਥਾਣਾ ਨੰਦਗੜ੍ਹ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਜਸਮੇਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਬਹਿਮਣ ਦੀਵਾਨਾ ਜ਼ਿਲ੍ਹਾ ਬਠਿੰਡਾ ਨੇ ਪੁਲਿਸ ਪਾਸ ਬਿਆਨ ਦਰਜ ਕਰਵਾਏ ਹਨ ਕਿ ਉਨਾਂ ਦੀ ਬੇਟੀ ਹਰਪ੍ਰੀਤ ਕੌਰ ਦੀ ਸ਼ਾਦੀ ਕਰੀਬ ਡੇਢ ਸਾਲ ਪਹਿਲਾਂ ਬਲਕਰਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਜੰਗੀਰਾਣਾ ਨਾਲ ਹੋਈ ਸੀ। ਮੇਰੀ ਬੇਟੀ ਨੇ ਆਈਲੈਟਸ ਵੀ ਕੀਤੀ ਹੋਈ ਸੀ । ਵਿਆਹ ਤੋਂ ਪਹਿਲਾਂ ਵਿਦੇਸ਼ ਭੇਜਣ ਦੀ ਸ਼ਰਤ 'ਤੇ ਵਿਆਹ ਕੀਤਾ ਸੀ ਅਤੇ ਬਾਅਦ ਵਿਚ ਵਿਦੇਸ਼ ਭੇਜਣ ਦੀ ਬਜਾਏ ਸਹੁਰੇ ਪਰਿਵਾਰ ਕਹਿਣ ਲੱਗੇ ਕਿ ਇੱਥੇ ਹੀ ਪਸ਼ੂ ਵਗੈਰਾ ਰੱਖ ਲਏ ਹਨ। ਲੇਕਿਨ ਹੁਣ ਜਦੋਂ ਮੇਰੀ ਬੇਟੀ ਦਾ ਇੰਗਲੈਂਡ ਦਾ ਵੀਜ਼ਾ ਆ ਗਿਆ ਤਾਂ ਕਲੇਸ਼ ਕਰਨ ਲੱਗ ਪਏ ਅਤੇ ਮੇਰੇ ਤੋਂ ਲੜਕੀ ਨੂੰ ਵਿਦੇਸ਼ ਭੇਜਣ ਲਈ ਦਾਜ ਦਹੇਜ ਦੀ ਮੰਗ ਕਰਨ ਲੱਗ ਪਏ। ਬੀਤੀ ਰਾਤ ਮੇਰੀ ਬੇਟੀ ਹਰਪ੍ਰੀਤ ਕੌਰ ਨੂੰ ਮਾਰ ਦਿੱਤਾ । ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਹਰਪ੍ਰੀਤ ਦੇ ਪਿਤਾ ਜਸਮੇਲ ਸਿੰਘ ਦੇ ਬਿਆਨਾਂ 'ਤੇ ਮ੍ਰਿਤਕ ਲੜਕੀ ਦੇ ਪਤੀ ਬਲਕਰਨ ਸਿੰਘ ,ਸਹੁਰਾ ਬੂਟਾ ਸਿੰਘ ,ਸੱਸ ਕਰਮਜੀਤ ਕੌਰ ਅਤੇ ਨਨਾਣ ਸੁਖਜਿੰਦਰ ਕੌਰ ਖ਼ਿਲਾਫ਼ ਦਾਜ ਦਹੇਜ ਦੀਆਂ ਧਰਾਵਾਂ ਤਹਿਤ ਥਾਣਾ ਨੰਦਗੜ੍ਹ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ ।