ਦੇਸ਼ ਵਿਰੋਧੀਆਂ ਦਾ ਪੱਖ ਪੂਰਨ ਵਾਲਿਆਂ ਨਾਲ ਕਦੇ ਸਮਝੌਤਾ ਨਹੀਂ ਕਰੇਗੀ ਭਾਜਪਾ

ਸੰਗਰੂਰ, 5 ਅਪ੍ਰੈਲ (ਧੀਰਜ ਪਸ਼ੋਰੀਆ)-ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਧੂਰੀ ਦੇ ਇੰਚਾਰਜ ਰਣਦੀਪ ਸਿੰਘ ਦਿਓਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਅਕਾਲੀ ਦਲ ਨੂੰ ਵੱਖਵਾਦੀ ਸੋਚ ਦਾ ਧਾਰਨੀ ਕਰਾਰ ਦਿੱਤਾ ਤੇ ਕਿਹਾ ਕਿ ਅਕਾਲੀ ਦਲ ਆਪਣਾ ਰਸਤਾ ਭਟਕ ਗਿਆ ਹੈ ਤੇ ਦੇਸ਼ ਵਿਰੋਧੀਆਂ ਦਾ ਪੱਖ ਪੂਰਨ ਵਿਚ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ। ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਇਸ ਲਈ ਸਮਝੌਤਾ ਕੀਤਾ ਸੀ ਤਾਂ ਕਿ ਹਿੰਦੂ-ਸਿੱਖ ਏਕਤਾ ਨੂੰ ਪੰਜਾਬ ਵਿਚ ਮਜ਼ਬੂਤ ਕੀਤਾ ਜਾ ਸਕੇ ਪਰ ਅਕਾਲੀ ਦਲ ਦੀ ਐੱਮ. ਪੀ. ਹਰਸਿਮਰਤ ਕੌਰ ਬਾਦਲ ਵਲੋਂ ਹਿੰਦੂਆਂ ਪ੍ਰਤੀ ਅਤੇ ਹਿੰਦੂਆਂ ਦੇ ਅਤਿ ਸਤਿਕਾਰਿਤ ਸਥਾਨ ਅਯੁੱਧਿਆ ਬਾਰੇ ਸੰਸਦ ਵਿਚ ਦਿੱਤਾ ਗਿਆ ਬਿਆਨ ਨੇ ਅਕਾਲੀ ਦਲ ਦੀ ਹਿੰਦੂਆਂ ਪ੍ਰਤੀ ਸੋਚ ਨੂੰ ਵੀ ਜੱਗ ਜ਼ਾਹਿਰ ਕਰ ਦਿੱਤਾ ਹੈ, ਉਥੇ ਹੀ ਹਿੰਦੂ-ਸਿੱਖ ਭਾਈਚਾਰੇ ਨੂੰ ਤੋੜਨ ਦਾ ਯਤਨ ਕੀਤਾ ਹੈ। ਇਹ ਵੱਖਵਾਦੀਆਂ ਦੇ ਹੱਥੇ ਚੜ੍ਹ ਕੇ ਆਪਣੀ ਬੇੜੀ ਵਿਚ ਵੱਟੇ ਪਾ ਰਹੇ ਹਨ ਪਰ ਭਾਜਪਾ ਇਹੋ ਜਿਹੀ ਸੋਚ ਰੱਖਣ ਵਾਲਿਆਂ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦੀ ਅਤੇ ਅਕਾਲੀ ਦਲ ਨੂੰ ਕਦੇ ਵੀ ਮੂੰਹ ਨਹੀਂ ਲਾਵੇਗੀ।