ਮੈਡੀਕਲ ਸਟੋਰ ’ਤੇ ਮਾਮੂਲੀ ਤਕਰਾਰ ਦੌਰਾਨ ਇਕ ਔਰਤ ਦੀ ਮੌਤ


ਕਪੂਰਥਲਾ, 3 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)- ਬੀਤੇ ਦਿਨੀਂ ਕਪੂਰਥਲਾ ਸ੍ਰੀ ਗੋਇੰਦਵਾਲ ਸਾਹਿਬ ਰੋਡ ’ਤੇ ਸਥਿਤ ਇਕ ਮੈਡੀਕਲ ਸਟੋਰ ’ਤੇ ਪਤੀ ਨਾਲ ਦਵਾਈ ਲੈਣ ਆਈ ਮਹਿਲਾ ਉਸ ਸਮੇਂ ਬੇਹੋਸ਼ ਹੋ ਕੇ ਡਿੱਗ ਪਈ ਜਦ ਮੈਡੀਕਲ ਸਟੋਰ ’ਤੇ ਦਵਾਈ ਖਰੀਦਣ ਸਮੇਂ ਦੋ ਵਿਅਕਤੀਆਂ ਵਲੋਂ ਉਨ੍ਹਾਂ ਦੇ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ, ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਗੁਰਪ੍ਰੀਤ, ਪਤਨੀ ਸੰਤੋਖ ਸਿੰਘ, ਵਾਸੀ ਬਿਹਾਰ ਹਾਲ ਵਾਸੀ ਪਿੰਡ ਡੋਗਰਾਵਾਲ ਵਜੋਂ ਹੋਈ ਹੈ। ਮ੍ਰਿਤਕ ਔਰਤ ਦੇ ਪਤੀ ਸੰਤੋਖ ਸਿੰਘ ਨੇ ਦੱਸਿਆ ਕਿ ਉਹ ਦਵਾਈ ਲੈਣ ਲਈ ਮੈਡੀਕਲ ਸਟੋਰ ’ਤੇ ਗਏ ਹੋਏ ਸੀ, ਇਸ ਦੌਰਾਨ ਦੋ ਵਿਅਕਤੀਆਂ ਨਾਲ ਕਥਿਤ ਤੌਰ ’ਤੇ ਮਾਮੂਲੀ ਤਕਰਾਰ ਹੋ ਗਈ, ਜਿਸ ਕਾਰਨ ਉਸ ਦੀ ਪਤਨੀ ਡਰ ਦੇ ਮਾਰੇ ਬੇਹੋਸ਼ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਤਾਂ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਥਾਣਾ ਸਿਟੀ ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਮੁਰਦਾ ਘਰ ’ਚ ਰਖਵਾ ਦਿੱਤਾ। ਅੱਜ ਥਾਣਾ ਸਿਟੀ ਦੇ ਏ.ਐਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।