JALANDHAR WEATHER

04-04-2025

 ਮਨੁੱਖ ਕੁਦਰਤ ਨਾਲ ਉਲਝ ਕੇ ਬਿਮਾਰ ਹੋ ਰਿਹਾ

ਅੱਜ-ਕੱਲ੍ਹ ਮਨੁੱਖ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ। ਪਹਿਲਾਂ ਮਨੁੱਖ ਦੀ ਕੁਦਰਤ ਨਾਲ ਸਾਂਝ ਹੁੰਦੀ ਸੀ, ਤਾਂ ਹਜ਼ਾਰਾਂ ਸਾਲਾਂ ਤੋਂ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਤੋਂ ਬਚਾਈ ਰੱਖਿਆ ਹੈ। ਜਿਉਂ-ਜਿਉਂ ਮਨੁੱਖ ਨੇ ਕੁਦਰਤ ਅਤੇ ਕੁਦਰਤ ਦੇ ਅਸੂਲਾਂ ਨੂੰ ਪਰੋਖੇ ਕੀਤਾ ਉਸ ਵੇਲੇ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ। ਮਨੁੱਖ ਦੁਆਰਾ ਆਪਣੇ ਦੁਨਿਆਵੀ ਸ਼ੌਕਾਂ ਨੂੰ ਪੂਰੇ ਕਰਨ ਲਈ ਬੇਵਜ੍ਹਾ ਜੰਗਲਾਂ ਦੀ ਕਟਾਈ, ਖਾਣ-ਪੀਣ ਦੀਆਂ ਆਪ-ਹੁਦਰੀਆਂ ਕਰਕੇ ਹੀ ਮਨੁੱਖ ਅੱਜ ਕੈਂਸਰ ਵਰਗੇ ਭਿਆਨਕ ਦੈਂਤ ਨਾਲ ਮੱਥਾ ਲਾ ਬੈਠਾ ਹੈ। ਮਨੁੱਖੀ ਮਨ ਦੀ ਦੂਸਰਿਆਂ ਪ੍ਰਤੀ ਈਰਖਾ, ਸਾੜਾ ਅਤੇ ਗੈਰ ਜ਼ਿੰਮੇਵਾਰ ਵਤੀਰਾ, ਫਾਸਟ ਫੂਡ ਦਾ ਸ਼ੌਂਕ ਤੇ ਮਨੁੱਖ ਦਾ ਹੰਕਾਰ ਕੈਂਸਰ ਦਾ ਮੂਲ ਕਾਰਨ ਹਨ। ਕੈਂਸਰ ਮਨੁੱਖ ਦੇ ਸਰੀਰ ਵਿਚ ਅਚਾਨਕ ਨਹੀਂ ਫੈਲਦਾ, ਸਗੋਂ ਇਹ ਸਰੀਰ ਵਿਚ ਆਪਣਾ ਘਰ ਬਣਾਉਣ ਲਈ ਕਈ ਸਾਲਾਂ ਦਾ ਸਫ਼ਰ ਤੈਅ ਕਰਦਾ ਹੈ। ਕੈਂਸਰ ਦਾ ਇਲਾਜ ਅੱਜ ਵੀ ਕੁਝ ਗਿਣੇ-ਚੁਣੇ ਗਏ ਹਸਪਤਾਲਾਂ ਵਿਚ ਹੈ, ਜਿਨ੍ਹਾਂ ਨੇ ਇਸ ਨੂੰ ਕਿਤੇ ਨਹੀਂ, ਸਗੋਂ ਸੇਵਾ ਭਾਵਨਾ ਦੇ ਰੂਪ ਵਿਚ ਲਿਆ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ

ਆਖਿਰ ਖੁਦਕੁਸ਼ੀਆਂ ਕਿਉਂ?

ਅਸੀਂ ਅਕਸਰ ਆਪਣੇ ਆਲੇ-ਦੁਆਲੇ, ਅਖ਼ਬਾਰਾਂ ਵਿਚ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਆਮ ਸੁਣਦੇ ਪੜ੍ਹਦੇ ਹਾਂ। ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਲੋਕਾਂ ਵਿਚ ਸਹਿਣਸ਼ੀਲਤਾ ਨਹੀਂ ਰਹੀ ਹੈ। ਕੋਈ ਆਪਣੇ ਘਰੇਲੂ ਝਗੜੇ ਕਾਰਨ ਤੇ ਕੋਈ ਆਪਣੇ ਦਫ਼ਤਰਾਂ ਵਿਚ ਸੀਨੀਅਰਾਂ ਕਰਕੇ ਖ਼ੁਦਕੁਸ਼ੀ ਨੂੰ ਤਰਜੀਹ ਦੇ ਰਿਹਾ ਹੈ। ਖ਼ੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਅਕਸਰ ਪਰਿਵਾਰਾਂ ਵਿਚ ਘਰ ਦੇ ਕਿਸੇ ਜੀਅ ਦੇ ਗਰਮ ਸੁਭਾਅ ਕਰਕੇ ਤਕਰਾਰ ਹੋ ਜਾਂਦਾ ਹੈ। ਅਜਿਹੇ ਸਮੇਂ ਘਰ ਦੇ ਬਾਕੀ ਮੈਂਬਰਾਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਕਿਉਂਕਿ ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾ ਲਓ। ਬੱਚਿਆਂ ਵਿਚ ਬਿਲਕੁਲ ਵੀ ਸਹਿਣਸ਼ੀਲਤਾ ਨਹੀਂ ਹੈ। ਬੱਚੇ ਗਲਤ ਹੋਣ ਦੇ ਬਾਵਜੂਦ ਮਾਂ-ਪਿਓ ਨੂੰ ਅੱਜ ਇੰਨਾ ਵੀ ਹੱਕ ਨਹੀਂ ਰਿਹਾ ਕਿ ਉਨ੍ਹਾਂ ਨੂੰ ਝਿੜਕ ਦੇਣ। ਅਸੀਂ ਕਿਉਂ ਇੰਨੀ ਸੋਹਣੀ ਜ਼ਿੰਦਗੀ ਨੂੰ ਹੱਸ ਖੇਡ ਕੇ ਗੁਜ਼ਾਰਨ ਦੀ ਬਜਾਏ ਖ਼ਤਮ ਕਰਨ ਵੱਲ ਤੁਰ ਪੈਂਦੇ ਹਾਂ।

-ਸੰਜੀਵ ਸਿੰਘ ਸੈਣੀ, ਮੁਹਾਲੀ

ਅਵਾਰਾ ਪਸ਼ੂਆਂ ਦੀ ਸਮੱਸਿਆ

ਪੰਜਾਬ ਦੀਆਂ ਸੜਕਾਂ, ਗਲੀਆਂ ਅਤੇ ਖੇਤਾਂ ਵਿਚ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਇਕ ਗੰਭੀਰ ਸਮੱਸਿਆ ਬਣ ਗਈ ਹੈ। ਇਹ ਨਾ ਸਿਰਫ਼ ਆਮ ਲੋਕਾਂ ਲਈ ਖ਼ਤਰਾ ਹਨ, ਸਗੋਂ ਸੜਕੀ ਹਾਦਸਿਆਂ, ਫ਼ਸਲਾਂ ਦੇ ਨੁਕਸਾਨ ਅਤੇ ਵਾਤਾਵਰਨ ਪ੍ਰਦੂਸ਼ਣ ਦਾ ਵੀ ਕਾਰਨ ਬਣ ਰਹੇ ਹਨ। ਇਸ ਸਮੱਸਿਆ ਦੇ ਮੁੱਖ ਕਾਰਨਾਂ ਵਿਚ ਪਸ਼ੂ ਪਾਲਕਾਂ ਵਲੋਂ ਬੇਕਾਰ ਪਸ਼ੂਆਂ ਦਾ ਛੱਡਣਾ, ਪਸ਼ੂ ਚਾਰੇ ਦੀ ਘਾਟ ਅਤੇ ਗਊਸ਼ਾਲਾਵਾਂ ਦੀ ਘਾਟ ਸ਼ਾਮਿਲ ਹਨ। ਅਵਾਰਾ ਪਸ਼ੂਆਂ ਦੇ ਕਾਰਨ ਸੜਕੀ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ, ਕਿਸਾਨਾਂ ਦੀਆਂ ਫ਼ਸਲਾਂ ਨੁਕਸਾਨੀਆਂ ਜਾ ਰਹੀਆਂ ਹਨ ਅਤੇ ਗੰਦਗੀ ਫੈਲ ਰਹੀ ਹੈ। ਇਸ ਸਮੱਸਿਆ ਦੇ ਹੱਲ ਲਈ ਸਰਕਾਰ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਰਕਾਰ ਨੂੰ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ, ਗਊਸ਼ਾਲਾਵਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਅਤੇ ਅਵਾਰਾ ਪਸ਼ੂ ਫੜਨ ਦੀਆਂ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ। ਸਮਾਜ ਨੂੰ ਵੀ ਅਵਾਰਾ ਪਸ਼ੂਆਂ ਨੂੰ ਭੋਜਨ ਦੇਣ ਅਤੇ ਗਊਸ਼ਾਲਾਵਾਂ ਨੂੰ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

-ਚਾਨਣ ਦੀਪ ਸਿੰਘ ਔਲਖ