ਪੰਜਾਬ ਦੇ ਕਿਸਾਨਾਂ ਦੇ ਸੰਬੰਧ 'ਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੁੱਛਿਆ ਲੋਕ ਸਭਾ 'ਚ ਸਵਾਲ
ਪਠਾਨਕੋਟ, 4 ਦਸੰਬਰ (ਸੰਧੂ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਵਿਚ ਪੰਜਾਬ ਰਾਜ ਵਿਚ ਝੋਨੇ ਦੀ ਮੌਜੂਦਾ ਖਰੀਦ ਸੰਕਟ ਦੇ ਮਾਮਲੇ ਸੰਬੰਧੀ ਸਵਾਲ ਪੁੱਛਿਆ, ਜਿਸ ਦਾ ਜਵਾਬ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਰਾਮਨਾਥ ਠਾਕੁਰ ਨੇ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 1-10-2024 ਤੋਂ 30-11-2024 ਤਕ ਝੋਨੇ ਦੀ ਖਰੀਦ ਕੀਤੀ ਗਈ, ਜਿਸ ਵਿਚ ਆੜ੍ਹਤੀਆਂ ਰਾਹੀਂ ਘੱਟੋ- ਘੱਟ ਸਮਰਥਨ ਮੁੱਲ 'ਤੇ ਝੋਨਾ ਖਰੀਦਿਆ ਗਿਆ ਹੈ। ਰੰਧਾਵਾ ਨੇ ਦੱਸਿਆ ਕਿ ਪੰਜਾਬ ਵਿਚ ਕਿਸਾਨਾਂ ਨੂੰ ਨਿਊਨਤਮ ਸਮਰਥਨ ਮੁੱਲ ਤੋਂ ਘੱਟ ਦਰ ਉਤੇ ਭੁਗਤਾਨ ਕੀਤਾ ਗਿਆ ਹੈ। ਕਈ ਅਜਿਹੇ ਮਾਮਲੇ ਗੁਰਦਾਸਪੁਰ ਵਿਚ ਮੇਰੇ ਸਾਹਮਣੇ ਆਏ ਹਨ ਅਤੇ ਇਸ ਦੀ ਜਾਣਕਾਰੀ ਉਨ੍ਹਾਂ ਪੱਤਰ ਰਾਹੀਂ ਭਾਰਤੀ ਖਾਦ ਕਾਰਪੋਰੇਸ਼ਨ ਨੂੰ ਦਿੱਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਅਤੇ ਵੱਡੇ ਪੈਮਾਨੇ 'ਤੇ ਕਿਸਾਨਾਂ ਦੀ ਰਕਮ ਦਾ ਗਬਨ ਕੀਤਾ ਜਾ ਰਿਹਾ ਹੈ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਵਿਚ ਪਠਾਨਕੋਟ ਏਅਰਪੋਰਟ ਤੋਂ ਉਡਾਣ ਦੀ ਸ਼ੁਰੂਆਤ ਹੋਣ ਸੰਬੰਧੀ ਵੀ ਸਵਾਲ ਪੁੱਛਿਆ, ਜਿਸਦਾ ਜਵਾਬ ਨਾਗਰਿਕ ਉਡਾਣ ਮੰਤਰੀ ਨੇ ਦਿੱਤਾ ਕਿ ਪਠਾਨਕੋਟ ਏਅਰਪੋਰਟ 'ਤੇ ਯਾਤਰੀ ਉਪਲਬਧ ਨਹੀਂ ਹਨ, ਜਿਸ ਕਾਰਨ ਉਡਾਣਾਂ ਸ਼ੁਰੂ ਨਹੀਂ ਕੀਤੀਆਂ ਜਾ ਰਹੀਆਂ। ਸੰਸਦ ਮੈਂਬਰ ਨੇ ਦੱਸਿਆ ਕਿ ਜੇ ਪਠਾਨਕੋਟ ਏਅਰਪੋਰਟ ਤੋਂ ਯਾਤਰੀ ਉਪਲਬਧ ਹੁੰਦੇ ਹਨ ਤਾਂ ਉਹ ਕੇਂਦਰ ਸਰਕਾਰ ਨਾਲ ਦੁਬਾਰਾ ਗੱਲ ਕਰਨਗੇ ਅਤੇ ਇਥੋਂ ਉਡਾਣਾਂ ਦੀ ਸ਼ੁਰੂਆਤ ਕਰਵਾਉਣਗੇ।